ਹੋਰ ਗੰਭੀਰ ਹੋ ਸਕਦੀ ਹੈ ਦਿੱਲੀ ਦੀ ਆਬੋ-ਹਵਾ, ਧੂੰਏਂ ਦੀ ਮੋਟੀ ਪਰਤ ਦਾ ਖ਼ਤਰਾ

Monday, Oct 19, 2020 - 11:25 AM (IST)

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਦੀ ਆਬੋ-ਹਵਾ ਹੋਰ ਖਰਾਬ ਹੋ ਸਕਦੀ ਹੈ। ਗੁਆਂਢੀ ਸੂਬਿਆਂ ਵਿਚ ਪਰਾਲੀ ਸਾੜਨ ਕਾਰਨ ਦਿੱਲੀ ਦੀ ਹਵਾ ਬੇਹੱਦ ਖਰਾਬ ਤੋਂ ਲੈ ਕੇ ਗੰਭੀਰ ਤੱਕ ਹੋ ਸਕਦੀ ਹੈ। ਪਰਾਲੀ ਦੇ ਧੂੰਏਂ ਦੀ ਪਰਤ ਵੀ ਰਾਜਧਾਨੀ ਨੂੰ ਆਪਣੀ ਲਪੇਟ ਵਿਚ ਲੈ ਸਕਦੀ ਹੈ। 'ਸਫਰ' ਏਜੰਸੀ ਮੁਤਾਬਕ ਇਸ ਮੌਸਮ ਵਿਚ ਪੰਜਾਬ-ਹਰਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪਰਾਲੀ ਸਾੜਨ ਦੇ ਮਾਮਲੇ ਪਹਿਲੀ ਵਾਰ ਇਕ ਦਿਨ 'ਚ 1000 ਤੋਂ ਪਾਰ ਕਰ ਚੁੱਕੇ ਹਨ। ਸ਼ਨੀਵਾਰ 1230 ਮਾਮਲੇ ਦਰਜ ਹੋਏ। ਆਉਣ ਵਾਲੇ ਦਿਨਾਂ ਵਿਚ ਇਸ ਦਾ ਧੂਆਂ ਵੱਡਾ ਅਸਰ ਦਿਖਾ ਸਕਦਾ ਹੈ। ਮੌਸਮ ਮਹਿਕਮੇ ਮੁਤਾਬਕ ਇਸ ਸਮੇਂ ਉੱਤਰੀ-ਪੱਛਮੀ ਹਵਾਵਾਂ ਆਪਣੇ ਨਾਲ ਪਰਾਲੀ ਦਾ ਧੂੰਆਂ ਲਿਆ ਰਹੀਆਂ ਹਨ ਪਰ ਚੰਗੀ ਗੱਲ ਇਹ ਹੈ ਕਿ ਦਿਨ ਦੇ ਸਮੇਂ ਹਵਾਵਾਂ ਦੀ ਰਫ਼ਤਾਰ ਚੰਗੀ ਹੈ, ਇਸ ਲਈ ਪ੍ਰਦੂਸ਼ਣ ਤੋਂ ਕੁਝ ਰਾਹਤ ਹੈ। 

ਹਰਿਆਣਾ, ਪੰਜਾਬ ਅਤੇ ਨੇੜਲੇ ਸਰਹੱਦੀ ਖੇਤਰਾਂ ਵਿਚ ਸ਼ਨੀਵਾਰ ਨੂੰ ਪਰਾਲੀ ਸਾੜਨ ਦੀਆਂ 1230 ਮਾਮਲੇ ਸਾਹਮਣੇ ਆਏ ਹਨ, ਜੋ ਇਸ ਮੌਸਮ ਵਿਚ ਸਭ ਤੋਂ ਵਧੇਰੇ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਪੀਐੱਮ 2.5 ਪ੍ਰਦੂਸ਼ਕ ਤੱਤਾਂ ਵਿਚ ਪਰਾਲੀ ਸਾੜਨ ਦੀ ਹਿੱਸੇਦਾਰੀ ਸ਼ਨੀਵਾਰ ਨੂੰ ਕਰੀਬ 17 ਫੀਸਦੀ ਰਹੀ। ਇਸ ਵਾਰ ਪ੍ਰਦੂਸ਼ਣ ਦੀ ਹੈਲਥ ਐਮਰਜੈਂਸੀ 'ਚ ਔਡ-ਈਵਨ ਲਾਗੂ ਕਰਨਾ ਆਸਾਨ ਨਹੀਂ ਹੋਵੇਗਾ। ਸਿਹਤ ਮਾਹਰਾਂ ਅਤੇ ਅਧਿਕਾਰੀਆਂ ਮੁਤਾਬਕ ਪਹਿਲਾਂ ਹੀ ਸਮਾਜਿਕ ਦੂਰੀ ਦਰਮਿਆਨ ਜਨਤਕ ਟਰਾਂਸਪੋਰਟ ਦੀ ਕਾਫੀ ਕਮੀ ਹੈ।

ਔਡ-ਈਵਨ ਤਾਂ ਹੀ ਲੱਗ ਸਕਦੀ ਹੈ, ਜਦੋਂ ਜਨਤਕ ਟਰਾਂਸਪੋਰਟ ਸਾਰਿਆਂ ਨੂੰ ਸਹੂਲਤ ਦੇਣ ਨੂੰ ਤਿਆਰ ਹੋਵੇ। ਪ੍ਰਦੂਸ਼ਣ ਰੋਕਥਾਮ ਲਈ ਬਣੀ ਕਮੇਟੀ ਈ. ਪੀ. ਸੀ. ਏ. ਦੇ ਚੇਅਰਮੈਨ ਭੂਰੇਵਾਲਾ ਨੇ ਦੱਸਿਆ ਕਿ ਔਡ-ਈਵਨ ਤਾਂ ਹੀ ਲਾਗੂ ਹੁੰਦਾ ਹੈ, ਜਦੋਂ ਹਵਾ ਦੀ ਕੁਆਲਿਟੀ ਦੱਸਣ ਵਾਲਾ ਸੂਚਕਾਂਕ 500 ਤੋਂ ਉੱਪਰ ਹੋਵੇ। ਜੇਕਰ ਧੂੰਏਂ ਦੀ ਪਰਤ ਲੰਬੇ ਸਮੇਂ ਤੱਕ ਚੱਲੀ ਤਾਂ ਕੁਝ ਨਾ ਕੁਝ ਸਖਤ ਕਦਮ ਜ਼ਰੂਰ ਚੁੱਕਣਗੇ ਪੈਣਗੇ। ਦੱਸ ਦੇਈਏ ਕਿ ਗੈਰ-ਬਾਸਮਤੀ ਝੋਨੇ ਦੀ ਪਰਾਲੀ ਚਾਰੇ ਦੇ ਰੂਪ ਬੇਕਾਰ ਮੰਨੀ ਜਾਂਦੀ ਹੈ। ਕਿਸਾਨ ਇਸ ਨੂੰ ਸਾੜ ਦਿੰਦੇ ਹਨ ਪਰ ਇਸ ਦਾ ਧੂੰਆਂ ਪ੍ਰਦੂਸ਼ਣ ਫੈਲਾਉਂਦਾ ਹੈ। ਪੰਜਾਬ-ਹਰਿਆਣਾ ਵਿਚ ਪਰਾਲੀ ਸਾੜਨ ਦਾ ਖਮਿਆਜ਼ਾ ਦਿੱਲੀ ਨੂੰ ਵੀ ਭੁਗਤਨਾ ਪੈਂਦਾ ਹੈ।


Tanu

Content Editor

Related News