ਦਿੱਲੀ ''ਚ ਜੁੱਤੀਆਂ ਦੀ ਫ਼ੈਕਟਰੀ ''ਚ ਲੱਗੀ ਭਿਆਨਕ ਅੱਗ
Sunday, Nov 26, 2023 - 02:02 PM (IST)
ਨਵੀਂ ਦਿੱਲੀ- ਦਿੱਲੀ ਦੇ ਮੰਗੋਲਪੁਰੀ ਇਲਾਕੇ 'ਚ ਸਥਿਤ ਜੁੱਤੀਆਂ ਦੀ ਫੈਕਟਰੀ ਵਿਚ ਅੱਧੀ ਰਾਤ ਭਿਆਨਕ ਅੱਗ ਲੱਗ ਗਈ। ਅਧਿਕਾਰੀਆਂ ਨੇ ਐਤਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਹਾਦਸੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਦਿੱਲੀ ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਸ਼ਨੀਵਾਰ ਦੇਰ ਰਾਤ ਕਰੀਬ ਸਾਢੇ 12 ਵਜੇ ਮੰਗੋਲਪੁਰੀ ਇਲਾਕੇ 'ਚ ਟਰੱਕ ਬਾਜ਼ਾਰ ਕੋਲ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ।
ਸੂਚਨਾ ਪ੍ਰਾਪਤ ਹੋਣ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ 26 ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ। 4 ਘੰਟਿਆਂ ਦੀ ਸਖ਼ਤ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ। ਜਿਸ ਫ਼ੈਕਟਰੀ 'ਚ ਅੱਗ ਲੱਗੀ ਸੀ, ਉਸ 'ਚ ਪਲਾਸਟਿਕ ਅਤੇ ਰਬੜ ਦੇ ਪਦਾਰਥ ਭਰੇ ਹੋਏ ਸਨ। ਫਾਇਰ ਕਰਮੀਆਂ ਮੁਤਾਬਕ ਫੈਕਟਰੀ ਵਿਚ ਜੁੱਤੀਆਂ ਬਣਾਉਣ ਦਾ ਕੰਮ ਹੁੰਦਾ ਹੈ।
ਇਮਾਰਤ ਬੈਸਮੈਂਟ, ਗਰਾਊਂਡ ਅਤੇ ਉੱਪਰ ਦੀਆਂ 3 ਮੰਜ਼ਿਲਾਂ 'ਤੇ ਬਣੀ ਹੋਈ ਸੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਵਿਚ ਕੋਈ ਝੁਲਸਿਆ ਨਹੀਂ ਹੈ, ਕਿਉਂਕਿ ਫੈਕਟਰੀ 'ਚ ਕੋਈ ਮੌਜੂਦ ਨਹੀਂ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅੱਗ ਕਿਸੇ ਜਲਣਸ਼ੀਲ ਰਸਾਇਣ ਦੀ ਵਜ੍ਹਾ ਨਾਲ ਲੱਗੀ। ਜਲਣਸ਼ੀਲ ਪਦਾਰਥ ਜ਼ਿਆਦਾ ਹੋਣ ਕਰ ਕੇ ਅੱਗ ਨੂੰ ਕਾਬੂ ਪਾਉਣ 'ਚ ਫਾਇਰ ਬ੍ਰਿਗੇਡ ਕਰਮੀਆਂ ਦੀ ਟੀਮ ਨੂੰ ਸਮਾਂ ਲੱਗਾ। ਅੱਗ 'ਤੇ 130 ਤੋਂ ਜ਼ਿਆਦਾ ਫਾਇਰ ਕਰਮੀਆਂ ਨੇ ਸੂਝ-ਬੂਝ ਨਾਲ ਕਾਬੂ ਪਾਇਆ।