5 ਲੋਕਾਂ ਨੂੰ ਜਿਊਂਦੇ ਸਾੜ ਕੇ ਕਤਲ ਕਰਨ ਵਾਲੇ ਦੋਸ਼ੀ ਨੂੰ ਕੋਰਟ ਨੇ ਸੁਣਾਈ ਸਜ਼ਾ-ਏ-ਮੌਤ

Wednesday, Aug 14, 2024 - 01:05 PM (IST)

ਮੈਨਪੁਰੀ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਮੈਨਪੁਰੀ ਦੀ ਇਕ ਅਦਾਲਤ ਨੇ 4 ਸਾਲ ਪਹਿਲਾਂ ਇਕ ਹੀ ਪਰਿਵਾਰ ਦੇ 5 ਜੀਆਂ ਨੂੰ ਸਾੜ ਕੇ ਮਾਰਨ ਦੇ ਮਾਮਲੇ 'ਚ ਦੋਸ਼ੀ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮੌਤ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਸਰਕਾਰ ਦੇ ਵਕੀਲ ਪੁਸ਼ਪੇਂਦਰ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਦੱਸਿਆ ਕਿ ਕੋਤਵਾਲੀ ਥਾਣੇ ਦੇ ਪਿੰਡ ਮਾਧੋਨਗਰ ਖਰਪੜੀ 'ਚ ਚਾਰ ਸਾਲ ਪੁਰਾਣੇ ਸਮੂਹਿਕ ਕਤਲ ਦੇ ਮਾਮਲੇ 'ਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਧੀਰ ਕੁਮਾਰ ਨੇ ਮੰਗਲਵਾਰ ਨੂੰ ਦੋਸ਼ੀ ਮੁਰਾਰੀ ਕਸ਼ਯਪ ਨੂੰ ਦੋਸ਼ੀ ਪਾਇਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ। ਚੌਹਾਨ ਨੇ ਦੱਸਿਆ ਕਿ ਪਿੰਡ ਮਾਧੋਨਗਰ ਖਰਪੜੀ ਦੇ ਵਸਨੀਕ ਮੁਰਾਰੀ ਕਸ਼ਯਪ ਅਤੇ ਇਸੇ ਪਿੰਡ ਦੇ ਜਗਦੀਸ਼ ਵਿਚਕਾਰ ਹੋਲੀ ਦੇ ਤਿਉਹਾਰ ਦੌਰਾਨ ਡੀਜੇ ਦੀ ਆਵਾਜ਼ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਦੌਰਾਨ ਮੁਰਾਰੀ ਨੇ ਜਗਦੀਸ਼ ਨੂੰ ਉਸ ਦੇ ਪਰਿਵਾਰ ਸਮੇਤ ਖ਼ਤਮ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ 18 ਜੂਨ 2020 ਦੀ ਰਾਤ ਨੂੰ ਜਗਦੀਸ਼ ਦਾ ਭਰਾ ਰਾਮ ਬਹਾਦਰ, ਉਸ ਦੀ ਪਤਨੀ ਸਰਲਾ ਦੇਵੀ, ਧੀਆਂ ਸੰਧਿਆ (17), ਸ਼ਿਖਾ (10) ਅਤੇ ਦੋਹਤਾ ਰਿਸ਼ੀ ਆਪਣੇ ਘਰ 'ਚ ਸੌਂ ਰਹੇ ਸਨ।

ਅੱਧੀ ਰਾਤ ਦੇ ਕਰੀਬ ਮੁਰਾਰੀ ਰਾਮ ਬਹਾਦੁਰ ਦੇ ਘਰ ਦਾਖ਼ਲ ਹੋਇਆ ਅਤੇ ਮਿੱਟੀ ਦਾ ਤੇਲ ਪਾ ਕੇ ਘਰ ਨੂੰ ਅੱਗ ਲਗਾ ਦਿੱਤੀ। ਭੱਜਦੇ ਹੋਏ ਉਸ ਨੇ ਬਾਹਰੋਂ ਕੁੰਡੀ ਲਗਾ ਦਿੱਤੀ। ਚੌਹਾਨ ਨੇ ਦੱਸਿਆ ਕਿ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਪਰਿਵਾਰ ਦੇ 5 ਮੈਂਬਰ ਅੱਗ ਦੀ ਲਪੇਟ 'ਚ ਆ ਗਏ। ਜਦੋਂ ਉਨ੍ਹਾਂ ਨੇ ਮਦਦ ਲਈ ਰੌਲਾ ਪਾਇਆ ਤਾਂ ਪਿੰਡ ਵਾਸੀ ਉਨ੍ਹਾਂ ਨੂੰ ਬਚਾਉਣ ਲਈ ਆ ਗਏ ਅਤੇ ਦਰਵਾਜ਼ਾ ਤੋੜ ਕੇ ਬੁਰੀ ਤਰ੍ਹਾਂ ਨਾਲ ਝੁਲਸੇ ਰਾਮ ਬਹਾਦਰ, ਸਰਲਾ ਦੇਵੀ, ਸੰਧਿਆ, ਸ਼ਿਖਾ ਅਤੇ ਰਿਸ਼ੀ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਰਾਮ ਬਹਾਦਰ ਦੀ ਇਲਾਜ ਦੌਰਾਨ ਮੌਤ ਹੋ ਗਈ। ਬਾਕੀ ਜ਼ਖਮੀਆਂ ਨੂੰ ਮੈਡੀਕਲ ਕਾਲਜ ਸੈਫਈ ਲਿਜਾਇਆ ਗਿਆ, ਜਿੱਥੇ ਸੰਧਿਆ, ਸਰਲਾ, ਸ਼ਿਖਾ ਅਤੇ ਰਿਸ਼ੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਜਗਦੀਸ਼ ਨੇ ਮੁਰਾਰੀ ਕਸ਼ਯਪ ਖ਼ਿਲਾਫ਼ ਥਾਣਾ ਸਦਰ 'ਚ ਮਾਮਲਾ ਦਰਜ ਕਰਵਾਇਆ ਸੀ, ਜਿਸ 'ਚ ਸਰਲਾ, ਸੰਧਿਆ, ਸ਼ਿਖਾ, ਰਿਸ਼ੀ ਅਤੇ ਰਾਮ ਬਹਾਦੁਰ ਨੂੰ ਉਨ੍ਹਾਂ ਦੇ ਘਰ 'ਚ ਸਾੜ ਕੇ ਮਾਰਨ ਦਾ ਦੋਸ਼ ਲਗਾਇਆ ਸੀ। ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਧੀਰ ਕੁਮਾਰ ਨੇ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਮੁਰਾਰੀ ਕਸ਼ਯਪ ਨੂੰ ਸਮੂਹਿਕ ਕਤਲ ਦੇ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News