ਭਿਆਨਕ ਸੜਕ ਹਾਦਸਾ: ਬਾਰਾਤ ਜਾ ਰਹੇ 4 ਰਿਸ਼ਤੇਦਾਰਾਂ ਦੀ ਮੌਤ, ਮਾਤਮ ''ਚ ਬਦਲੀਆਂ ਖੁਸ਼ੀਆਂ

Wednesday, May 13, 2026 - 11:34 PM (IST)

ਭਿਆਨਕ ਸੜਕ ਹਾਦਸਾ: ਬਾਰਾਤ ਜਾ ਰਹੇ 4 ਰਿਸ਼ਤੇਦਾਰਾਂ ਦੀ ਮੌਤ, ਮਾਤਮ ''ਚ ਬਦਲੀਆਂ ਖੁਸ਼ੀਆਂ

ਲਖਨਊ : ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਬਾਰਾਤ ਵਿੱਚ ਜਾ ਰਹੇ ਚਾਰ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਵਾਲੇ ਘਰ ਵਿੱਚ ਮਾਤਮ ਛਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਬੇਹਟਾ ਮੁਜਾਵਰ ਥਾਣਾ ਖੇਤਰ ਦੇ ਬਾਂਗਰਮਊ-ਸੰਡੀਲਾ ਮਾਰਗ 'ਤੇ ਮਟੁਕਰੀ ਪਿੰਡ ਨੇੜੇ ਵਾਪਰਿਆ।

ਪੁਲਸ ਅਨੁਸਾਰ, ਰਾਤ ਕਰੀਬ 9 ਵਜੇ ਇੱਕ ਤੇਜ਼ ਰਫ਼ਤਾਰ ਬੋਲੈਰੋ ਨੇ ਦੋ ਮੋਟਰਸਾਈਕਲਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਸਵਾਰ ਸੜਕ 'ਤੇ ਦੂਰ ਜਾ ਡਿੱਗੇ, ਜਦਕਿ ਬੋਲੈਰੋ ਬੇਕਾਬੂ ਹੋ ਕੇ ਸੜਕ ਕਿਨਾਰੇ ਖਾਈ ਵਿੱਚ ਪਲਟ ਗਈ। ਇਸ ਹਾਦਸੇ ਵਿੱਚ ਅਕਬਰਪੁਰ ਨਿਵਾਸੀ 25 ਸਾਲਾ ਅਭਿਸ਼ੇਕ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਗੰਭੀਰ ਰੂਪ ਵਿੱਚ ਜ਼ਖ਼ਮੀ ਆਕਾਸ਼ (22), ਹੋਰੀਲਾਲ (27), ਅਨੁਜ ਕੁਮਾਰ (29) ਅਤੇ ਭੀਸ਼ਮ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਲਖਨਊ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਆਕਾਸ਼, ਹੋਰੀਲਾਲ ਅਤੇ ਅਨੁਜ ਨੇ ਦਮ ਤੋੜ ਦਿੱਤਾ, ਜਦਕਿ ਭੀਸ਼ਮ ਦਾ ਇਲਾਜ ਅਜੇ ਜਾਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਨੌਜਵਾਨ ਆਪਸ ਵਿੱਚ ਰਿਸ਼ਤੇਦਾਰ ਸਨ ਅਤੇ ਬੇਰੀ ਸ਼ਾਦੀਪੁਰ ਪਿੰਡ ਤੋਂ ਹਰਦੋਈ ਜ਼ਿਲ੍ਹੇ ਦੇ ਗੌਸਗੰਜ ਇਲਾਕੇ ਵਿੱਚ ਇੱਕ ਬਾਰਾਤ ਵਿੱਚ ਸ਼ਾਮਲ ਹੋਣ ਜਾ ਰਹੇ ਸਨ,। ਬਾਂਗਰਮਊ ਦੇ ਸੀ.ਓ. ਸੰਤੋਸ਼ ਸਿੰਘ ਨੇ ਦੱਸਿਆ ਕਿ ਪੁਲਸ ਨੇ ਬੋਲੈਰੋ ਅਤੇ ਨੁਕਸਾਨੀਆਂ ਗਈਆਂ ਬਾਈਕਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਅਭਿਸ਼ੇਕ ਦੀ ਮਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
 


author

Inder Prajapati

Content Editor

Related News