ਸਪਾ ਨਾਲ ਡੈੱਡਲਾਕ ਖਤਮ : ਕਾਂਗਰਸ ਰਾਏਬਰੇਲੀ ਤੇ ਅਮੇਠੀ ਸਮੇਤ 17 ਸੀਟਾਂ ਤੇ ਲੜੇਗੀ ਚੋਣ

Thursday, Feb 22, 2024 - 11:38 AM (IST)

ਸਪਾ ਨਾਲ ਡੈੱਡਲਾਕ ਖਤਮ : ਕਾਂਗਰਸ ਰਾਏਬਰੇਲੀ ਤੇ ਅਮੇਠੀ ਸਮੇਤ 17 ਸੀਟਾਂ ਤੇ ਲੜੇਗੀ ਚੋਣ

ਲਖਨਊ- ਉੱਤਰ ਪ੍ਰਦੇਸ਼ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਵਿਚਾਲੇ ਚੱਲ ਰਿਹਾ ਡੈੱਡਲਾਕ ਖਤਮ ਹੋ ਗਿਆ ਹੈ। ਦੋਵਾਂ ਪਾਰਟੀਆਂ ਨੇ ਬੁੱਧਵਾਰ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਅਧੀਨ ਸੂਬੇ ’ਚ ਸੀਟਾਂ ਦੀ ਵੰਡ ਦਾ ਰਸਮੀ ਐਲਾਨ ਕੀਤਾ। ਇਸ ਅਧੀਨ ਕਾਂਗਰਸ ਰਾਏਬਰੇਲੀ ਅਤੇ ਅਮੇਠੀ ਸਮੇਤ 17 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ।
ਇਹ ਐਲਾਨ ਸਮਾਜਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਨਰੇਸ਼ ਉੱਤਮ ਪਟੇਲ, ਸਪਾ ਦੇ ਰਾਸ਼ਟਰੀ ਸਕੱਤਰ ਰਾਜੇਂਦਰ ਚੌਧਰੀ, ਕਾਂਗਰਸ ਦੇ ਸੂਬਾ ਪ੍ਰਧਾਨ ਅਜੇ ਰਾਏ ਅਤੇ ਕਾਂਗਰਸ ਦੇ ਉੱਤਰ ਪ੍ਰਦੇਸ਼ ਇੰਚਾਰਜ ਅਵਿਨਾਸ਼ ਪਾਂਡੇ ਨੇ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕੀਤਾ। ਪਾਂਡੇ ਨੇ ਕਿਹਾ ਕਿ ਕਾਂਗਰਸ 17 ਸੀਟਾਂ 'ਤੇ ਚੋਣ ਲੜੇਗੀ, ਜਦੋਂ ਕਿ ਸਪਾ ਅਤੇ ਹੋਰ ਗਠਜੋੜ ਸਹਿਯੋਗੀਆਂ ਦੇ ਉਮੀਦਵਾਰ ਸੂਬੇ ਦੀਆਂ ਬਾਕੀ 63 ਸੀਟਾਂ ’ਤੇ ਚੋਣ ਲੜਨਗੇ।
ਸਪਾ ਦੇ ਪ੍ਰਦੇਸ਼ ਪ੍ਰਧਾਨ ਪਟੇਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਰਾਏਬਰੇਲੀ, ਅਮੇਠੀ, ਕਾਨਪੁਰ ਸ਼ਹਿਰੀ , ਫਤਿਹਪੁਰ ਸੀਕਰੀ, ਬਾਂਸਗਾਂਵ, ਸਹਾਰਨਪੁਰ, ਪ੍ਰਯਾਗਰਾਜ, ਮਹਾਰਾਜਗੰਜ, ਵਾਰਾਣਸੀ, ਅਮਰੋਹਾ, ਝਾਂਸੀ, ਬੁਲੰਦਸ਼ਹਿਰ, ਗਾਜ਼ੀਆਬਾਦ, ਮਥੁਰਾ, ਸੀਤਾਪੁਰ , ਬਾਰਾਬੰਕੀ ਅਤੇ ਦੇਵਰੀਆ ਤੋਂ ਕਾਂਗਰਸ ਚੋਣ ਲੜੇਗੀ। ਉਨ੍ਹਾਂ ਦੱਸਿਆ ਕਿ ਸਪਾ ਨੇ ਮੱਧ ਪ੍ਰਦੇਸ਼ ਦੀ ਖਜੂਰਾਹੋ ਲੋਕ ਸਭਾ ਸੀਟ ਤੋਂ ਚੋਣ ਲੜਨ ਦਾ ਇਰਾਦਾ ਪ੍ਰਗਟਾਇਆ ਸੀ, ਜਿਸ ਨੂੰ ਕਾਂਗਰਸ ਨੇ ਮੰਨ ਲਿਆ ਹੈ। ਪਾਂਡੇ ਨੇ ਕਿਹਾ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਇਸ ਗਠਜੋੜ ਨੂੰ ਅਮਲੀ ਜਾਮਾ ਪਹਿਨਾਉਣ ’ਚ ਬਹੁਤ ਅਹਿਮ ਭੂਮਿਕਾ ਨਿਭਾਈ ਹੈ। 


author

Aarti dhillon

Content Editor

Related News