ਜਲੰਧਰ ''ਚ ''ਆਪ'' ਨੂੰ ਕ੍ਰਾਸ ਵੋਟਿੰਗ ਦੇ ਚੱਕਰ ’ਚ ਉਲਝਾ ਸਕਦੀ ਹੈ ਕਾਂਗਰਸ

Monday, Jan 06, 2025 - 10:55 AM (IST)

ਜਲੰਧਰ ''ਚ ''ਆਪ'' ਨੂੰ ਕ੍ਰਾਸ ਵੋਟਿੰਗ ਦੇ ਚੱਕਰ ’ਚ ਉਲਝਾ ਸਕਦੀ ਹੈ ਕਾਂਗਰਸ

ਜਲੰਧਰ (ਖੁਰਾਣਾ)–21 ਦਸੰਬਰ ਨੂੰ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਸੰਪੰਨ ਹੋ ਚੁੱਕੀਆਂ ਹਨ ਅਤੇ ਹੁਣ ਆਮ ਆਦਮੀ ਪਾਰਟੀ ਨਿਗਮ ਕੌਂਸਲਰ ਹਾਊਸ ਦੇ ਸਦਨ ’ਚ ਬਹੁਮਤ ਤਕ ਜੁਟਾ ਚੁੱਕੀ ਹੈ। ਨਿਗਮ ਚੋਣਾਂ ਸੰਪੰਨ ਹੋਈਆਂ ਨੂੰ ਵੀ 15 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਸੱਤਾ ਧਿਰ ਭਾਵ ਆਮ ਆਦਮੀ ਪਾਰਟੀ ਨੇ ਨਾ ਤਾਂ ਜਲੰਧਰ ਨਿਗਮ ਦੇ ਪਹਿਲੇ ਕੌਂਸਲਰ ਹਾਊਸ ਦੀ ਬੈਠਕ ਹੀ ਬੁਲਾਈ ਹੈ ਅਤੇ ਨਾ ਹੀ ਅਜੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਂ ਨੂੰ ਜਨਤਕ ਕੀਤਾ ਹੈ।

ਅਜਿਹੇ ’ਚ ਜਿੱਥੇ ਸੱਤਾ ਧਿਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜਨਮ ਲੈ ਲਿਆ ਹੈ, ਉੱਥੇ ਸ਼ਹਿਰ ਦੇ ਸਿਆਸੀ ਹਾਲਾਤ ਵੀ ਬਦਲਣੇ ਸ਼ੁਰੂ ਹੋ ਗਏ ਹਨ। ਇਸ ਤਰ੍ਹਾਂ ਬਦਲੇ ਹੋਏ ਹਾਲਾਤ ਦਾ ਸਿੱਧਾ ਫਾਇਦਾ ਮੁੱਖ ਵਿਰੋਧੀ ਪਾਰਟੀ ਭਾਵ ਕਾਂਗਰਸ ਨੂੰ ਹੋ ਰਿਹਾ ਹੈ, ਜਿਸ ਨੇ ਹੁਣ ਇਹ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਕਿ ਉਹ ਮੇਅਰ ਦੀਆਂ ਚੋਣਾਂ ’ਚ ‘ਆਪ’ ਨੂੰ ਕ੍ਰਾਸ ਵੋਟਿੰਗ ਦੇ ਚੱਕਰ ’ਚ ਉਲਝਾਉਣ ਜਾ ਰਹੀ ਹੈ। ਸ਼ਹਿਰ ਦੇ ਪ੍ਰਮੁੱਖ ਕਾਂਗਰਸੀ ਹੁਣ ਇਨ੍ਹਾਂ ਚਰਚਾਵਾਂ ਨੂੰ ਜਨਮ ਦੇਣ ਲੱਗੇ ਹਨ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਯੂਨਿਟ, ਪੰਜਾਬ ਯੂਨਿਟ ਅਤੇ ਲੋਕਲ ਯੂਨਿਟ ’ਚ ਤਾਲਮੇਲ ਦੀ ਕਮੀ ਹੈ, ਜਿਸ ਕਾਰਨ ਉਨ੍ਹਾਂ ’ਚੋਂ ਅਜੇ ਤਕ ਮੇਅਰ ਦਾ ਨਾਂ ਹੀ ਫਾਈਨਲ ਨਹੀਂ ਹੋ ਰਿਹਾ। ਆਮ ਆਦਮੀ ਪਾਰਟੀ ਦੇ ਸਥਾਨਕ ਨੇਤਾ ਵੀ ਇਹ ਮੰਨ ਕੇ ਚੱਲ ਰਹੇ ਹਨ ਕਿ ਮੇਅਰ ਦੀਆਂ ਚੋਣਾਂ ’ਚ ਜਿੰਨੀ ਦੇਰੀ ਹੁੰਦੀ ਜਾ ਰਹੀ ਹੈ, ਉਸ ਨਾਲ ਵਿਰੋਧੀ ਧਿਰ ਵਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਬਲ ਮਿਲ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦਾ ਗ੍ਰਾਫ ਹੇਠਾਂ ਜਾ ਰਿਹਾ ਹੈ।

ਇਹ ਵੀ ਪੜ੍ਹੋ-ਪੰਜਾਬ ਲਈ ਅਗਲੇ 24 ਘੰਟੇ ਬੇਹੱਦ ਅਹਿਮ, ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ

ਮੇਅਰ ਅਤੇ ਹੋਰ ਦੋਵਾਂ ਅਹੁਦਿਆਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਕਾਂਗਰਸ
ਪਤਾ ਲੱਗਾ ਹੈ ਕਿ ਕੌਂਸਲਰ ਹਾਊਸ ਦੀ ਪਹਿਲੀ ਬੈਠਕ ’ਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਸੱਤਾਧਾਰੀ ਪਾਰਟੀ ਭਾਵ ਆਮ ਆਦਮੀ ਪਾਰਟੀ ਨੂੰ ਨੰਬਰ ਗੇਮ ’ਚ ਉਲਝਾ ਰਹੀ ਹੈ। ਜ਼ਿਲ੍ਹਾ ਜਲੰਧਰ ਕਾਂਗਰਸ ਨਗਰ ਨਿਗਮ ਦੇ ਪਹਿਲੇ ਹਾਊਸ ਦੀ ਬੈਠਕ ਦੌਰਾਨ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਪੋਸਟ ਲਈ ਆਪਣੇ ਉਮੀਦਵਾਰ ਵੀ ਖੜ੍ਹੇ ਕਰਨ ਜਾ ਰਹੀ ਹੈ। ਪਤਾ ਲੱਗਾ ਹੈ ਕਿ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਦੀ ਲੀਡਰਸ਼ਿਪ ’ਚ ਇਸ ਹਾਲਾਤ ਨੂੰ ਲੈ ਕੇ ਬੈਠਕਾਂ ਤਕ ਦਾ ਆਯੋਜਨ ਹੋ ਚੁੱਕਾ ਹੈ। ਕਾਂਗਰਸੀ ਇਹ ਮੰਨ ਕੇ ਚੱਲ ਰਹੇ ਹਨ ਕਿ ਜੇਕਰ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਨਾਂ ’ਤੇ ਉਨ੍ਹਾਂ ਦੀ ਆਪਣੀ ਪਾਰਟੀ ’ਚ ਬਗਾਵਤ ਹੁੰਦੀ ਹੈ ਤਾਂ ਉਸ ਦਾ ਸਿੱਧਾ ਫਾਇਦਾ ਵਿਰੋਧੀ ਧਿਰ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਨੂੰ ਹੋ ਸਕਦਾ ਹੈ।

ਆਮ ਕਿਹਾ ਜਾ ਰਿਹਾ ਹੈ ਕਿ ਭਾਵੇਂ ਕਾਂਗਰਸ ਦੇ ਕੋਲ ਹਾਊਸ ’ਚ ਬਹੁਮਤ ਨਹੀਂ ਹੈ ਪਰ ਫਿਰ ਵੀ ਜੇਕਰ ਵਿਰੋਧੀ ਧਿਰ ਦੇ ਉਮੀਦਵਾਰ ਖੜ੍ਹੇ ਹੁੰਦੇ ਹਨ ਤਾਂ ਹੱਥ ਖੜ੍ਹੇ ਕਰਕੇ ਹੀ ਸਹੀ, ਮੇਅਰ ਅਤੇ ਹੋਰ ਦੋਵਾਂ ਅਹੁਦਿਆਂ ਲਈ ਚੋਣਾਂ ਦੀ ਨੌਬਤ ਤਾਂ ਆ ਹੀ ਜਾਵੇਗੀ ਅਤੇ ਸਰਵਸੰਮਤੀ ਨਹੀਂ ਹੋਵੇਗੀ। ਦੂਜੀ ਗੱਲ ਇਹ ਵੀ ਹੈ ਕਿ ਕਾਂਗਰਸ ਆਪਣੇ ਵਕੀਲ ਦੇ ਮਾਧਿਅਮ ਨਾਲ ਇਹ ਮੰਗ ਵੀ ਕਰਨ ਜਾ ਰਹੀ ਹੈ ਕਿ ਮੇਅਰ ਦੀ ਚੋਣ ਹੱਥ ਖੜ੍ਹੇ ਕਰ ਕੇ ਨਹੀਂ, ਸਗੋਂ ਬੈਲੇਟ ਪੇਪਰ ਸਿਸਟਮ ਦੇ ਮਾਧਿਅਮ ਨਾਲ ਹੋਵੇ।

ਇਹ ਵੀ ਪੜ੍ਹੋ- ਜਲੰਧਰ ਦੇ ਮੇਅਰ ਦਾ ਨਾਂ ਲਗਭਗ ਫਾਈਨਲ, ਜਲਦ ਹੋ ਸਕਦੈ ਸਿਆਸਤ 'ਚ ਵੱਡਾ ਧਮਾਕਾ

ਕ੍ਰਾਸ ਵੋਟਿੰਗ ਕਰਵਾਉਣ ’ਚ ਮੁੱਖ ਭੂਮਿਕਾ ਨਿਭਾਅ ਸਕਦੇ ਹਨ ਭਾਪਾ ਅਤੇ ਹਰਸ਼ਰਨ ਕੌਰ ਹੈਪੀ
ਉਂਝ ਤਾਂ ਸ਼ਹਿਰ ਦੇ ਕਾਂਗਰਸੀ ਪਿਛਲੇ ਕਈ ਸਾਲਾਂ ਤੋਂ ਹੀ ਨਗਰ ਨਿਗਮ ਦੀ ਸਿਆਸਤ ’ਚ ਛਾਏ ਹੋਏ ਹਨ ਅਤੇ ਇਸ ਵਾਰ ਵੀ ਕਾਫੀ ਤਜਰਬੇਕਾਰ ਕੌਂਸਲਰ ਕਾਂਗਰਸ ਦੀ ਟਿਕਟ ’ਤੇ ਚੋਣਾਂ ਜਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਸੱਤਾ ਧਿਰ ਭਾਵ ਆਮ ਆਦਮੀ ਪਾਰਟੀ ਨੂੰ ਜਲੰਧਰ ਨਿਗਮ ’ਚ ਆਪਣਾ ਬਹੁਮਤ ਜੁਟਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣਾ ਪਿਆ ਹੈ, ਉਸ ਤੋਂ ਪੈਦਾ ਹੋਏ ਹਾਲਾਤਾਂ ਦਾ ਕਦੇ ਨਾ ਕਦੇ ਫਾਇਦਾ ਕਾਂਗਰਸ ਵੀ ਚੁੱਕ ਸਕਦੀ ਹੈ। ਪਤਾ ਲੱਗਾ ਹੈ ਕਿ ਜਿਸ ਤਰ੍ਹਾਂ ਅਜੇ ਵੀ ਦੋ-ਤਿੰਨ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ’ਚ ਜੁਆਇਨ ਕਰਵਾਉਣ ਸੰਬੰਧੀ ਦਬਾਅ ਬਣਾਇਆ ਜਾ ਰਿਹਾ ਹੈ, ਉਸ ਦੀ ਹਰ ਸੂਚਨਾ ਕਾਂਗਰਸੀਆਂ ਤੱਕ ਪਹੁੰਚ ਰਹੀ ਹੈ। ਅਜਿਹੇ ਹਾਲਾਤ ਵੀ ਬਣ ਰਹੇ ਹਨ ਕਿ ਦੂਸਰੀਆਂ ਪਾਰਟੀਆਂ ਦੇ ਜਿਹੜੇ ਨੇਤਾਵਾਂ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਵਾਇਆ ਜਾ ਚੁੱਕਾ ਹੈ, ਉਨ੍ਹਾਂ ਨੂੰ ਉਕਸਾਉਣ ਲਈ ਵੀ ਕਾਂਗਰਸੀ ਅੰਦਰਖਾਤੇ ਕੰਮ ਕਰ ਰਹੇ ਹਨ। ਸ਼ਹਿਰ ਦੇ ਕਾਂਗਰਸੀਆਂ ਦੀ ਗੱਲ ਕਰੀਏ ਤਾਂ ਇਸ ਸਮੇਂ ਕੌਂਸਲਰ ਹਾਊਸ ’ਚ ਕ੍ਰਾਸ ਵੋਟਿੰਗ ਕਰਵਾਉਣ ’ਚ ਮੁੱਖ ਭੂਮਿਕਾ ਨਿਭਾਅ ਸਕਦੇ ਹਨ ਕਾਂਗਰਸੀ ਨੇਤਾ ਸੁਰਿੰਦਰ ਸਿੰਘ ਭਾਪਾ ਅਤੇ ਕੌਂਸਲਰ ਹਰਸ਼ਰਨ ਕੌਰ ਹੈਪੀ।

ਜ਼ਿਕਰਯੋਗ ਹੈ ਕਿ ਭਾਪਾ ਦੇ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ’ਚ ਵੀ ਚੰਗੇ ਲਿੰਕ ਹਨ। ਬਾਕੀ ਪਾਰਟੀਆਂ ਦੇ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ’ਚ ਲਿਆਉਣ ਵਾਲਾ ਮੁੱਖ ਕਿੰਗਮੇਕਰ ਵੀ ਸੁਰਿੰਦਰ ਭਾਪਾ ਦਾ ਚੰਗਾ ਕਰੀਬੀ ਹੈ। ‘ਆਪ’ ਨਾਲ ਜਿੱਤੇ ਕਈ ਕੌਂਸਲਰਾਂ ਨਾਲ ਭਾਪਾ ਅਤੇ ਹੈਪੀ ਦੀਆਂ ਨਜ਼ਦੀਕੀਆਂ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹਨ। ਅਜਿਹੇ ’ਚ ਜੇਕਰ ਕੱਲ ਨੂੰ ਸਿਆਸੀ ਹਾਲਾਤ ਬਦਲਦੇ ਹਨ ਤਾਂ ਕਾਂਗਰਸ ਭਾਵੇਂ ਆਪਣਾ ਮੇਅਰ ਨਾ ਬਣਾ ਸਕੇ ਪਰ ਬਲਰਾਜ ਠਾਕੁਰ, ਪਵਨ, ਬੰਟੀ ਨੀਲਕੰਠ, ਹਰਸ਼ਰਨ ਕੌਰ ਹੈਪੀ, ਜਸਲੀਨ ਸੇਠੀ, ਸ਼ੈਰੀ ਚੱਢਾ ਆਦਿ ਨੂੰ ਉਮੀਦਵਾਰ ਬਣਾ ਕੇ ਆਮ ਆਦਮੀ ਪਾਰਟੀ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀ ਹੈ। ਅਜਿਹੇ ’ਚ ਆਮ ਕਿਹਾ ਜਾ ਰਿਹਾ ਹੈ ਕਿ ‘ਆਪ’ ਨੂੰ ਛੇਤੀ ਤੋਂ ਛੇਤੀ ਹਾਊਸ ਦੀ ਬੈਠਕ ਸੱਦ ਕੇ ਆਪਣਾ ਮੇਅਰ ਬਣਾ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਕੜਾਕੇ ਦੀ ਠੰਡ ਤੇ ਠੰਡੀਆਂ ਹਵਾਵਾਂ ਨੇ ਠੁਰ-ਠੁਰ ਕਰਨੇ ਲਾਏ ਲੋਕ, ਐਡਵਾਈਜ਼ਰੀ ਜਾਰੀ

ਨਵੇਂ ਮੇਅਰ ਦਾ ਪਹਿਲਾ ਕੰਮ ਹੋਵੇਗਾ ਦਿੱਲੀ ਚੋਣਾਂ ’ਚ ਜਾਣਾ ਅਤੇ ਆ ਕੇ ਨਿਗਮ ਦਾ ਬਜਟ ਤਿਆਰ ਕਰਵਾਉਣਾ
ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਲੋਹੜੀ ਤੇ ਮਾਘੀ ਦੇ ਆਲੇ-ਦੁਆਲੇ ਜਲੰਧਰ ਦੇ ਮੇਅਰ ਦੀਆਂ ਚੋਣਾਂ ਕਰਵਾਉਣ ਜਾ ਰਹੀ ਹੈ। ਹਾਊਸ ਦੀ ਪਹਿਲੀ ਬੈਠਕ ’ਚ ਤਾਂ ਖੈਰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੀ ਹੋਵੇਗੀ, ਉਥੇ ਇਹ ਵੀ ਚਰਚਾ ਹੈ ਕਿ ਮੇਅਰ ਅਹੁਦਾ ਸੰਭਾਲਦੇ ਹੀ ਸੰਬੰਧਤ ਨੇਤਾ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਕੂਚ ਕਰਨਾ ਹੋਵੇਗਾ, ਜਿੱਥੇ ਆਮ ਆਦਮੀ ਪਾਰਟੀ ਦਾ ਅਕਸ ਦਾਅ ’ਤੇ ਲੱਗਿਆ ਹੋਇਆ ਹੈ। ਦਿੱਲੀ ਤੋਂ ਆ ਕੇ ਨਵੇਂ ਮੇਅਰ ਨੂੰ ਜਲੰਧਰ ਨਿਗਮ ਦੇ ਬਜਟ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ, ਜਿਸ ਨੂੰ ਫਰਵਰੀ ਮਾਰਚ ’ਚ ਪਾਸ ਵੀ ਕਰਵਾਉਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਿਗਮ ਦਾ ਬਜਟ ਬਣਾਉਣ ਤੋਂ ਲੈ ਕੇ ਇਸ ਨੂੰ ਪਾਸ ਕਰਨ ਦਾ ਸਾਰਾ ਕੰਮ ਅਫਸਰਾਂ ਦੇ ਹੱਥ ’ਚ ਆ ਚੁੱਕਾ ਹੈ। ਭਾਰਤ ’ਚ ਕੋਰੋਨਾ ਨਾਂ ਦੀ ਮਹਾਮਾਰੀ ਨੇ ਜਨਵਰੀ 2020 ’ਚ ਦਸਤਕ ਦਿੱਤੀ ਸੀ, ਜਿਸ ਕਾਰਨ 2020 ਅਤੇ 2021 ’ਚ ਕੋਰੋਨਾ ਕਾਰਨ ਜਲੰਧਰ ਨਿਗਮ ਦੀ ਬਜਟ ਬੈਠਕ ਨਹੀਂ ਹੋ ਸਕੀ। ਜਨਵਰੀ 2022 ’ਚ ਜਲੰਧਰ ਨਿਗਮ ਦਾ ਕੌਂਸਲਰ ਹਾਊਸ ਭੰਗ ਹੋ ਗਿਆ। ਮਾਰਚ 2024 ਤੱਕ ਜਲੰਧਰ ਨਿਗਮ ਦੀਆਂ ਚੋਣਾਂ ਹੀ ਨਹੀਂ ਹੋਈਆਂ। ਹੁਣ ਮਾਰਚ 2025 ’ਚ ਨਿਗਮ ਦਾ ਬਜਟ ਜਨਪ੍ਰਤੀਨਿਧੀਆਂ ਦੇ ਹੱਥੋਂ ਪਾਸ ਹੋਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਅਧਿਆਪਕਾ ਦਾ ਬੱਚੇ 'ਤੇ ਤਸ਼ਦੱਦ! ਵਾਇਰਲ ਹੋਈ ਵੀਡੀਓ ਨੇ ਉਡਾ 'ਤੇ ਸਭ ਦੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News