ਪ੍ਰੇਮ ਵਿਆਹ ਕਰਵਾਉਣ ’ਤੇ ਪਿਓ ਤੇ ਭਰਾ ਨੇ ਮੁਟਿਆਰ ਨੂੰ ਦਿੱਤੀ ਰੂਹ ਕੰਬਾਊ ਸਜ਼ਾ
Friday, Mar 14, 2025 - 12:36 AM (IST)

ਨੋਇਡਾ- ਇਕ ਮੁਟਿਆਰ ਨੇ ਆਪਣੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਚੁੱਪਚਾਪ ਆਰਿਆ ਸਮਾਜ ਮੰਦਰ ਵਿਚ ਪ੍ਰੇਮ ਵਿਆਹ ਕਰਵਾ ਲਿਆ। ਜਿਵੇਂ ਹੀ ਮੁਟਿਆਰ ਦੇ ਭਰਾ ਤੇ ਪਿਓ ਨੂੰ ਇਹ ਖਬਰ ਮਿਲੀ ਤਾਂ ਉਨ੍ਹਾਂ ਨੇ ਮੁਟਿਆਰ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਸਸਕਾਰ ਵੀ ਕਰ ਦਿੱਤਾ।
ਪ੍ਰੇਮੀ ਤੋਂ ਪਤੀ ਬਣੇ ਲੜਕੇ ਨੂੰ ਕੁਝ ਸ਼ੱਕ ਹੋਇਆ ਤਾਂ ਉਸ ਨੇ ਗ੍ਰੇਟਰ ਨੋਇਡਾ ਵੈਸਟ ਖੇਤਰ ਦੇ ਬਿਸਰਥ ਪੁਲਸ ਸਟੇਸ਼ਨ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਸ ਨੇ ਜਾਂਚ ਕੀਤੀ ਤਾਂ ਆਨਰ ਕਿਲਿੰਗ ਦੀ ਖੌਫਨਾਕ ਕਹਾਣੀ ਦਾ ਖੁਲਾਸਾ ਹੋਇਆ। ਪੁਲਸ ਨੇ ਬੇਟੀ ਦੀ ਹੱਤਿਆ ਦੇ ਮੁਲਜ਼ਮ ਪਿਤਾ ਅਤੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਸੈਂਟਰਲ ਜ਼ੋਨ ਦੇ ਡੀ. ਸੀ. ਪੀ. ਸ਼ਕਤੀ ਮੋਹਨ ਅਵਸਥੀ ਨੇ ਦੱਸਿਆ ਕਿ ਪਿੰਡ ਬੇਸਲੌਟਾ ਥਾਣਾ ਬਾਬੂਗੜ੍ਹ ਛਾਉਣੀ ਜ਼ਿਲਾ ਹਾਪੁੜ ਨਿਵਾਸੀ ਸੂਰਜ ਿਸੰਘ ਨੇ ਥਾਣੇ ਵਿਚ ਸੂਚਨਾ ਦਿੱਤੀ ਕਿ ਪਿੰਡ ਚਿਪਿਆਨਾ ਨਿਵਾਸੀ ਨੇਹਾ ਨਾਲ ਉਸ ਨੇ 11 ਮਾਰਚ ਨੂੰ ਗਾਜ਼ੀਆਬਾਦ ਦੇ ਆਰਿਆ ਸਮਾਜ ਮੰਦਰ ਵਿਚ ਪਰਿਵਾਰ ਦੀ ਮਰਜ਼ੀ ਵਿਰੁੱਧ ਚੁੱਪਚਾਪ ਤਰੀਕੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਨੇਹਾ ਆਪਣੇ ਘਰ ਚਲੀ ਗਈ। ਉਸ ਦਾ ਫੋਨ ਬੁੱਧਵਾਰ ਤੋਂ ਲਗਾਤਾਰ ਬੰਦ ਆਉਣ ਲੱਗਾ ਤਾਂ ਉਸਨੂੰ ਸ਼ੱਕ ਹੋਇਆ। ਉਸ ਨੇ ਆਪਣੇ ਇਕ ਜਾਣ-ਪਛਾਣ ਵਾਲੇ ਨੂੰ ਨੇਹਾ ਦੇ ਘਰ ਜਾਣਕਾਰੀ ਲਈ ਭੇਜਿਆ।
ਇੱਥੇ ਉਸ ਨੂੰ ਪਤਾ ਲੱਗਾ ਕਿ ਨੇਹਾ ਨੇ ਸਵੇਰੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਨੇ ਉਸ ਦੀਆਂ ਅੰਤਿਮ ਰਸਮਾਂ ਵੀ ਕਰ ਦਿੱਤੀਆਂ ਹਨ। ਉਨ੍ਹਾਂ ਕਤਲ ਦਾ ਸ਼ੱਕ ਪ੍ਰਗਟ ਕੀਤਾ ਅਤੇ ਜਾਂਚ ਦੀ ਮੰਗ ਕੀਤੀ।
ਪੁਲਸ ਮੁਤਾਬਕ, ਭਾਨੂ ਰਾਠੌਰ ਨੇ ਸ਼ੱਕ ਹੋਣ ’ਤੇ ਬੁੱਧਵਾਰ ਸਵੇਰੇ ਆਪਣੀ ਧੀ ਤੋਂ ਵਿਆਹ ਬਾਰੇ ਪੁੱਛਿਆ ਤਾਂ ਧੀ ਅਤੇ ਪਿਓ ਵਿਚਕਾਰ ਝਗੜਾ ਹੋ ਗਿਆ। ਜਦੋਂ ਪੂਰੇ ਪਰਿਵਾਰ ਨੂੰ ਪਤਾ ਲੱਗਾ ਕਿ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਉਸ ਨੇ ਸੂਰਜ ਨਾਲ ਵਿਆਹ ਕਰਵਾ ਲਿਆ ਹੈ ਤਾਂ ਉਹ ਗੁੱਸੇ ਵਿਚ ਆ ਗਏ। ਗੁੱਸੇ ਵਿਚ ਭਾਨੂ ਨੇ ਆਪਣੀ ਧੀ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਉਸਦੀਆਂ ਦੋਵੇਂ ਲੱਤਾਂ ਫੜ ਲਈਆਂ ਅਤੇ ਭਰਾ ਹਿਮਾਂਸ਼ੂ ਨੇ ਉਸ ਦੀ ਚੁੰਨੀ ਨਾਲ ਗਲਾ ਘੁੱਟ ਦਿੱਤਾ।