ਅੰਗਰੇਜ਼ੀ ਦੇ ਅਧਿਆਪਕ ਬਣੇ ਆਟੋ ਡਰਾਈਵਰ, ਕੋਰੋਨਾ ਮਰੀਜ਼ਾਂ ਦੀ ਮੁਫ਼ਤ ’ਚ ਕਰ ਰਹੇ ਸੇਵਾ
Saturday, May 01, 2021 - 03:59 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੇ ਦੇਸ਼ ’ਚ ਆਪਣਾ ਕਹਿਰ ਵਰ੍ਹਾ ਰਹੀ ਹੈ। ਇਸ ਦਰਮਿਆਨ ਮੁੰਬਈ ਦੇ ਇਕ ਅਧਿਆਪਕ ਕੋਵਿਡ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਹਨ। ਪੇਸ਼ੇ ਤੋਂ ਅਧਿਆਪਕ ਦੱਤਾਤ੍ਰੇਯ ਸਾਵੰਤ ਆਟੋ ਰਿਕਸ਼ਾ ਚਲਾ ਰਹੇ ਹਨ ਅਤੇ ਕੋਰੋਨਾ ਮਰੀਜ਼ਾਂ ਨੂੰ ਮੁਫ਼ਤ ਸਵਾਰੀ ਦੀ ਸਹੂਲਤ ਉਪਲੱਬਧ ਕਰਵਾ ਰਹੇ ਹਨ। ਪੀ. ਪੀ. ਈ. ਕਿੱਟ ਪਹਿਨਣ ਅਤੇ ਵਾਹਨ ਨੂੰ ਸਾਫ਼ ਕਰਨ ਵਰਗੀਆਂ ਸਾਰੀਆਂ ਸਾਵਧਾਨੀਆਂ ਸਾਵੰਤ ਵਰਤ ਰਹੇ ਹਨ। ਉਹ ਮਰੀਜ਼ਾਂ ਨੂੰ ਮੁਫ਼ਤ ਵਿਚ ਘਰ ਤੋਂ ਹਸਪਤਾਲ ਅਤੇ ਹਸਪਤਾਲ ਤੋਂ ਘਰ ਛੱਡਦੇ ਹਨ। ਮੁੰਬਈ ਦੇ ਉੱਪ ਨਗਰੀ ਘਾਟਕੋਪਰ ਦੇ ਵਾਸੀ, ਸਾਵੰਤ ਗਿਆਨਸਾਗਰ ਵਿੱਦਿਆ ਮੰਦਰ ਸਕੂਲ ਵਿਚ ਅੰਗੇਰਜ਼ੀ ਪੜ੍ਹਾਉਂਦੇ ਹਨ।
ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ ਮਰੀਜ਼ਾਂ ਨੂੰ ਘਰ ਤੋਂ ਹਸਪਤਾਲ ਅਤੇ ਹਸਪਤਾਲ ਤੋਂ ਘਰ ਮੁਫ਼ਤ ਵਿਚ ਛੱਡਦਾ ਹਾਂ। ਦੇਸ਼ ਵਿਚ ਜਦੋਂ ਤੱਕ ਇਹ ਕੋਰੋਨਾ ਰਹੇਗਾ, ਮੇਰੀ ਸੇਵਾ ਜਾਰੀ ਰਹੇਗੀ। ਅੱਜ ਪੂਰਾ ਦੇਸ਼ ਬੁਰੇ ਸਮੇਂ ’ਚੋਂ ਲੰਘ ਰਿਹਾ ਹੈ। ਹਰ ਥਾਂ ਦਿਲ ਨੂੰ ਦਰਦ ਦੇਣ ਵਾਲੀਆਂ ਖ਼ਬਰਾਂ ਆ ਰਹੀਆਂ ਹਨ। ਅਜਿਹੇ ਵਿਚ ਮਦਦ ਕਰਨ ਵਾਲੇ ਕੁਝ ਲੋਕ ਦਿਲ ਜਿੱਤ ਲੈਂਦੇ ਹਨ।
ਸਾਵੰਤ ਨੇ ਕਿਹਾ ਕਿ ਮੈਂ ਵਿਅਕਤੀਗਤ ਰੂਪ ਨਾਲ ਸਾਰੀਆਂ ਸਾਵਧਾਨੀਆਂ ਵਰਤ ਰਿਹਾ ਹਾਂ। ਮੌਜੂਦਾ ਸਮੇਂ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਕਈ ਲੋਕਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਰਿਹਾ, ਅਜਿਹੀ ਸਥਿਤੀ ਵਿਚ ਗਰੀਬ ਮਰੀਜ਼ਾਂ ਨੂੰ ਸਮੇਂ ’ਤੇ ਸਰਕਾਰੀ ਮਦਦ ਮਿਲਣੀ ਮੁਸ਼ਕਲ ਹੁੰਦੀ ਹੈ। ਅਕਸਰ ਜਨਤਕ ਵਾਹਨ ਕੋਵਿਡ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਨਹੀਂ ਕਰਦੇ ਹਨ। ਅਜਿਹੇ ਮਾਮਲਿਆਂ ਵਿਚ ਮੇਰੀ ਮੁਫ਼ਤ ਸੇਵਾ ਮਰੀਜ਼ਾਂ ਲਈ ਉਪਲੱਬਧ ਹੈ। ਸਾਵੰਤ ਨੂੰ ਆਰਥਿਕ ਮਦਦ ਦੇਣ ਲਈ ਕਈ ਲੋਕ ਅੱਗੇ ਆਏ ਹਨ।