ਦਲਿਤ, ਆਦਿਵਾਸੀ ਅਤੇ ਔਰਤਾਂ ਦੀ ਕੁਰਬਾਨੀ ਨੂੰ ਇਤਿਹਾਸ ’ਚ ਢੁੱਕਵਾਂ ਸਥਾਨ ਨਹੀਂ ਮਿਲਿਆ : ਰਾਜਨਾਥ
Monday, Nov 17, 2025 - 09:29 AM (IST)
ਲਖਨਊ (ਭਾਸ਼ਾ) - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਇਤਿਹਾਸ ’ਚ ਦਲਿਤ, ਆਦਿਵਾਸੀ, ਔਰਤਾਂ ਅਤੇ ਪੱਛੜੇ ਵਰਗਾਂ ਦੇ ਅਣਗਿਣਤ ਬਹਾਦਰਾਂ ਨੂੰ ਉਹ ਸਨਮਾਨ ਨਹੀਂ ਦਿੱਤਾ ਗਿਆ, ਜਿਸ ਦੇ ਉਹ ਅਸਲੀ ਰੂਪ ’ਚ ਹੱਕਦਾਰ ਸਨ। ਲਖਨਊ ਦੇ ਪਾਸੀ ਚੌਕ ’ਤੇ ਵੀਰਾਂਗਣਾ ਊਦਾ ਦੇਵੀ ਪਾਸੀ ਦੇ ਬੁੱਤ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਖੱਬੇ-ਪੱਥੀ ਇਤਿਹਾਸਕਾਰਾਂ ਅਤੇ ਪਿਛਲੀਆਂ ਸਰਕਾਰਾਂ ’ਤੇ ਇਨ੍ਹਾਂ ਭਾਈਚਾਰਿਆਂ ਦੇ ਨਾਇਕਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ। ਰਾਜਨਾਥ ਸਿੰਘ ਨੇ ਕਿਹਾ ਕਿ ਇਤਿਹਾਸ ਨੂੰ ਇਸ ਤਰ੍ਹਾਂ ਲਿਖਿਆ ਗਿਆ ਜਿਵੇਂ ਆਜ਼ਾਦੀ ਦੀ ਲੜਾਈ ਸਿਰਫ ਇਕ ਹੀ ਸਿਆਸੀ ਪਾਰਟੀ ਅਤੇ ਕੁਝ ਚੋਣਵੇਂ ਵਰਗਾਂ ਦੇ ਅਗਵਾਈ ’ਚ ਲੜੀ ਗਈ ਹੋਵੇ।
ਪੜ੍ਹੋ ਇਹ ਵੀ : ਸ਼ਿਮਲਾ: CBSE ਸਕੂਲਾਂ 'ਚ ਨਿਯੁਕਤੀ ਲਈ ਹੁਣ ਪ੍ਰਿੰਸੀਪਲ ਨੂੰ ਵੀ ਦੇਣਾ ਪਵੇਗਾ ਲਿਖਤੀ ਟੈਸਟ
ਉਨ੍ਹਾਂ ਕਿਹਾ ਕਿ ਦਲਿਤ, ਆਦਿਵਾਸੀ ਅਤੇ ਔਰਤਾਂ ਦੇ ਸੰਘਰਸ਼ ਨੂੰ ਇਤਿਹਾਸ ਦੇ ਪੰਨਿਆਂ ’ਚ ਉਹ ਥਾਂ ਨਹੀਂ ਮਿਲੀ, ਜਿਸ ਦੇ ਉਹ ਹੱਕਦਾਰ ਸਨ। ਇਨ੍ਹਾਂ ਨਾਇਕਾਂ ਨੂੰ ਨਾ ਸਿਰਫ ਪੜ੍ਹਾਇਆ ਜਾਣਾ ਚਾਹੀਦਾ ਸੀ, ਸਗੋਂ ਪੂਜਿਆ ਜਾਣਾ ਚਾਹੀਦਾ ਸੀ। ਰੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਖੱਬੇ-ਪੱਖੀ ਇਤਿਹਾਸਕਾਰਾਂ ਨੇ ਆਪਣੀ ਸਹੂਲਤ ਅਨੁਸਾਰ ਇਤਿਹਾਸ ਰਚਿਆ, ਜਿਸ ’ਚ ਦਲਿਤ ਅਤੇ ਪੱਛੜੇ ਭਾਈਚਾਰਿਆਂ ਦੇ ਨਾਇਕਾਂ ਨੂੰ ਵਿਉਂਤਬੱਧ ਤਰੀਕੇ ਨਾਲ ਅਣਗੌਲਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਾਸੀ ਸਮਾਜ ਦੇ ਮਹਾਨ ਯੋਧਿਆਂ ’ਤੇ ਨਾਂ ਖੋਜ ਹੋਈ ਅਤੇ ਨਾ ਹੀ ਕੋਈ ਮਹੱਤਵਪੂਰਨ ਕਿਤਾਬ ਲਿਖੀ ਗਈ, ਜਦੋਂ ਕਿ ਇਸ ਸਮਾਜ ਨੇ ਲੰਮੇਂ ਸਮੇਂ ਤੱਕ ਰਾਜ ਕੀਤਾ ਅਤੇ ਆਜ਼ਾਦੀ ਅੰਦੋਲਨ ’ਚ ਫੈਸਲਾਕੁੰਨ ਭੂਮਿਕਾ ਨਿਭਾਈ।
ਪੜ੍ਹੋ ਇਹ ਵੀ : 1 ਦਸੰਬਰ ਤੋਂ ਬਿਜਲੀ ਬਿੱਲ 'ਤੇ ਮਿਲੇਗੀ ਰਾਹਤ, ਯੋਗੀ ਸਰਕਾਰ ਨੇ ਕਰ 'ਤਾ ਇਹ ਵੱਡਾ ਐਲਾਨ
ਉਨ੍ਹਾਂ ਨੇ ਮਹਾਰਾਜਾ ਸਤਨ ਪਾਸੀ, ਮਹਾਰਾਜਾ ਲਾਖਨ ਪਾਸੀ, ਮਹਾਰਾਜਾ ਸੁਹੇਲਦੇਵ, ਰਾਣੀ ਅਵੰਤੀ ਬਾਈ, ਮਹਾਰਾਜਾ ਬਿਜਲੀ ਪਾਸੀ ਅਤੇ ਊਦਾ ਦੇਵੀ ਵਰਗੇ ਨਾਇਕਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਦਾ ਯੋਗਦਾਨ ਸੁਨਹਿਰੇ ਅੱਖਰਾਂ ’ਚ ਲਿਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਮਦਾਰੀ ਪਾਸੀ ਦੇ ਸਾਹਸ ਅਤੇ ਅਗਵਾਈ ਨੂੰ ਵੀ ਯਾਦ ਕੀਤਾ, ਜਿਨ੍ਹਾਂ ਨੇ ਕਿਸਾਨਾਂ ’ਤੇ ਬਹੁਤ ਜ਼ਿਆਦਾ ਲਗਾਨ ਦੇ ਖਿਲਾਫ ਬਗ਼ਾਵਤ ਦੀ ਅਗਵਾਈ ਕੀਤੀ ਅਤੇ ਜਿਨ੍ਹਾਂ ’ਤੇ ਅੰਗਰੇਜ਼ਾਂ ਨੇ ਇਨਾਮ ਐਲਾਨ ਕੀਤਾ ਸੀ, ਫਿਰ ਵੀ ਉਹ ਉਨ੍ਹਾਂ ਨੂੰ ਫੜ ਨਹੀਂ ਸਕੇ।
ਪੜ੍ਹੋ ਇਹ ਵੀ : ਜੰਮੂ-ਕਸ਼ਮੀਰ ਧਮਾਕੇ ਦੀ ਖੌਫਨਾਕ CCTV ਫੁਟੇਜ ਆਈ ਸਾਹਮਣੇ, 300 ਮੀਟਰ ਦੂਰ ਜਾ ਕੇ ਡਿੱਗੇ ਟੁਕੜੇ
ਰੱਖਿਆ ਮੰਤਰੀ ਨੇ ਕਿਹਾ ਕਿ ਪਾਸੀ ਸਮਾਜ ਨੇ 1857 ਦੀ ਬਗ਼ਾਵਤ ਅਤੇ ਅਵਧ ਕਿਸਾਨ ਅੰਦੋਲਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਮਦਾਰੀ ਪਾਸੀ ਦੇ ਯੋਗਦਾਨ ਨੂੰ ਉਭਾਰਿਆ। ਰਾਜਨਾਥ ਸਿੰਘ ਨੇ ਕਿਹਾ ਕਿ ਪਾਸੀ ਸਮਾਜ ਦਾ ਇਤਿਹਾਸ ਰਾਜਾ ਅਸ਼ੋਕ ਮੌਰਿਆ ਤੋਂ ਵੀ ਪੁਰਾਣਾ ਮੰਨਿਆ ਜਾਂਦਾ ਹੈ ਅਤੇ ਮਹਾਰਾਜਾ ਬਿਜਲੀ ਪਾਸੀ ਵਰਗੇ ਨਾਇਕਾਂ ਨੇ ਆਪਣੇ ਸਮੇਂ ’ਚ ਖੁਸ਼ਹਾਲ ਅਤੇ ਮਜ਼ਬੂਤ ਰਾਜ ਸਥਾਪਤ ਕੀਤਾ ਸੀ, ਜਿਸ ਦੇ ਸਬੂਤ ਉਨ੍ਹਾਂ ਵੱਲੋਂ ਬਣਾਏ ਗਏ 12 ਕਿਲਿਆਂ ਤੋਂ ਮਿਲਦੇ ਹਨ।
ਪੜ੍ਹੋ ਇਹ ਵੀ : ਮੁਜ਼ੱਫਰਪੁਰ 'ਚ ਰੂਹ ਕੰਬਾਊ ਘਟਨਾ: ਘਰ ਨੂੰ ਲੱਗੀ ਅੱਗ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ, 5 ਹੋਰ ਝੁਲਸੇ
