'ਲਾਲਚ ਨਹੀਂ, ਸਮਝਦਾਰੀ ਦਿਖਾਓ, Gold ’ਚ ਨਿਵੇਸ਼ ਲਈ ਜਾਗਰੂਕਤਾ ਅਤੇ ਜਾਣਕਾਰੀ ਦੋਵੇਂ ਜ਼ਰੂਰੀ'
Monday, Feb 23, 2026 - 01:11 PM (IST)
ਬਿਜ਼ਨੈੱਸ ਡੈਸਕ - ਭਾਰਤ ’ਚ ਸੋਨਾ ਸਦੀਆਂ ਤੋਂ ਨਾ ਸਿਰਫ ਗਹਿਣਾ ਸਗੋਂ ਸੁਰੱਖਿਅਤ ਨਿਵੇਸ਼ ਦਾ ਪ੍ਰਤੀਕ ਮੰਨਿਆ ਜਾਂਦਾ ਰਿਹਾ ਹੈ। ਪਰਿਵਾਰ ਇਸ ਨੂੰ ਸਮਾਜਿਕ ਵੱਕਾਰ ਅਤੇ ਭਵਿੱਖ ਦੀ ਜਮ੍ਹਾ ਪੂੰਜੀ ਦੋਵੇਂ ਰੂਪਾਂ ’ਚ ਦੇਖਦੇ ਹਨ। ਪਿਛਲੇ ਕੁਝ ਸਾਲਾਂ ’ਚ ਸੋਨੇ ਨੇ ਨਿਵੇਸ਼ਕਾਂ ਨੂੰ ਜ਼ਿਕਰਯੋਗ ਰਿਟਰਨ ਦਿੱਤੇ ਹਨ, ਜਿਸ ਨਾਲ ਆਮ ਲੋਕਾਂ ਦੇ ਵਿਚਾਲੇ ਇਸ ਦੀ ਮੰਗ ਹੋਰ ਵਧੀ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਵਧਦੀਆਂ ਕੀਮਤਾਂ ਵਿਚਾਲੇ ਬਾਜ਼ਾਰ ’ਚ ਸੋਨਾ-ਚਾਂਦੀ ਖਰੀਦਣ ਦੀ ਹੋੜ ਵੀ ਦੇਖੀ ਜਾ ਰਹੀ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਨਿਵੇਸ਼ ਦੇ ਮਾਮਲੇ ’ਚ ਭਾਵਨਾਵਾਂ ਦੀ ਬਜਾਏ ਸੰਤੁਲਨ ਅਤੇ ਰਣਨੀਤੀ ਜ਼ਰੂਰੀ ਹੈ। ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦੀ ਚੀਫ ਰੈਗੂਲੇਟਰੀ ਅਫਸਰ ਕਮਲਾ ਕੰਥਾਰਾਜ ਅਨੁਸਾਰ ਸੋਨੇ ’ਚ ਨਿਵੇਸ਼ ਕਰਦੇ ਸਮੇਂ ‘ਡਾਇਵਰਸੀਫਿਕੇਸ਼ਨ’ ਭਾਵ ਨਿਵੇਸ਼ ਦੀ ਸੰਤੁਲਿਤ ਵੰਡ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੀ ਪੂਰੀ ਪੂੰਜੀ ਸਿਰਫ ਸੋਨੇ ’ਚ ਲਾ ਦਿੰਦਾ ਹੈ ਤਾਂ ਕੀਮਤਾਂ ’ਚ ਗਿਰਾਵਟ ਦੀ ਸਥਿਤੀ ’ਚ ਉਸ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਕਮਲਾ ਕੰਥਾਰਾਜ ਨੇ ਸਮਝਾਇਆ ਕਿ ਨਿਵੇਸ਼ ਦਾ ਮੂਲ ਸਿਧਾਂਤ ਹੈ-‘ਇਕ ਹੀ ਟੋਕਰੀ ’ਚ ਸਾਰੇ ਆਂਡੇ ਨਾ ਰੱਖੋ।’ ਉਨ੍ਹਾਂ ਦਾ ਕਹਿਣਾ ਹੈ ਕਿ ਆਮਦਨ ਦਾ ਇਕ ਸੀਮਤ ਅਤੇ ਤੈਅ ਹਿੱਸਾ ਹੀ ਸੋਨੇ ’ਚ ਨਿਵੇਸ਼ ਕਰਨਾ ਵੱਧ ਸੁਰੱਖਿਅਤ ਅਤੇ ਵਿਵਹਾਰਕ ਰਣਨੀਤੀ ਹੈ। ਬਾਕੀ ਰਾਸ਼ੀ ਨੂੰ ਹੋਰ ਨਿਵੇਸ਼ ਬਦਲਾਂ ਜਿਵੇਂ ਇਕੁਇਟੀ, ਬਾਂਡ, ਮਿਊਚੁਅਲ ਫੰਡ ਜਾਂ ਫਿਕਸਡ ਇਨਕਮ ਸਾਧਨਾਂ ’ਚ ਵੰਡਣਾ ਜੋਖਿਮ ਨੂੰ ਘੱਟ ਕਰਦਾ ਹੈ ਅਤੇ ਲੰਬੇ ਸਮੇਂ ਦੀ ਵਿੱਤੀ ਸਥਿਰਤਾ ਯਕੀਨੀ ਬਣਾਉਂਦਾ ਹੈ।
ਸੋਨਾ ਨਿਵੇਸ਼ ਪੋਰਟਫੋਲੀਓ ਦਾ ਇਕ ਮਹੱਤਵਪੂਰਨ ਹਿੱਸਾ ਹੋ ਸਕਦਾ ਹੈ ਪਰ ਸੰਤੁਲਨ ਅਤੇ ਸਮਝਦਾਰੀ ਹੀ ਸੁਰੱਖਿਅਤ ਵਿੱਤੀ ਭਵਿੱਖ ਦੀ ਕੁੰਜੀ ਹੈ। ਹਾਲ ਹੀ ’ਚ ਆਯੋਜਿਤ ਬੰਬੇ ਸਟਾਕ ਐਕਸਚੇਂਜ ਦੇ ਪ੍ਰੈੱਸ ਦੌਰੇ ਦੌਰਾਨ ਪੀ. ਆਈ. ਬੀ. ਚੰਡੀਗੜ੍ਹ-ਮੁੰਬਈ ਅਤੇ ਮੀਡੀਆ ਪ੍ਰਤੀਨਿਧੀਆਂ ਨਾਲ ਗੱਲਬਾਤ ’ਚ ਉਨ੍ਹਾਂ ਨੇ ਨਿਵੇਸ਼, ਵਿੱਤੀ ਸਾਖਰਤਾ ਅਤੇ ਠੱਗੀ ਤੋਂ ਬਚਾਅ ਦੇ ਵਿਸ਼ੇ ’ਤੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਨਿਵੇਸ਼ ਤੋਂ ਪਹਿਲਾਂ ਪੂਰੀ ਜਾਣਕਾਰੀ ਪ੍ਰਾਪਤ ਕਰਨ, ਵੱਧ ਰਿਟਰਨ ਦੇ ਲਾਲਚ ’ਚ ਨਾ ਆਉਣ ਅਤੇ ਸਿਰਫ ਅਧਿਕਾਰਕ ਤੇ ਭਰੋਸੇਯੋਗ ਪਲੇਟਫਾਰਮਾਂ ਰਾਹੀਂ ਹੀ ਨਿਵੇਸ਼ ਕਰਨ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਸੋਸ਼ਲ ਮੀਡੀਆ ਦੇ ਫਰਜ਼ੀ ਦਾਅਵੇ, ਫੇਸਬੁੱਕ-ਵਟਸਐਪ ’ਤੇ ਸਭ ਤੋਂ ਵੱਧ ਫਰਾਡ
ਤੇਜ਼ ਰਫਤਾਰ ਡਿਜੀਟਲ ਜ਼ਮਾਨੇ ’ਚ ਹਰ ਕੋਈ ਘੱਟ ਸਮੇਂ ’ਚ ਜਲਦ ਅਮੀਰ ਹੋਣ ਦੇ ਸੁਪਨੇ ਦੇਖ ਰਿਹਾ ਹੈ, ਖਾਸ ਕਰ ਕੇ ਨੌਜਵਾਨ ਇਨ੍ਹਾਂ ਲੁਭਾਉਣੇ ਸੁਪਨਿਆਂ ਦੇ ਆਕਰਸ਼ਣ ’ਚ ਰਹਿੰਦੇ ਹਨ ਅਤੇ ਇਸ ਆਕਰਸ਼ਣ ਦਾ ਵੱਡਾ ਜਾਲ ਸੋਸ਼ਲ ਮੀਡੀਆ ’ਤੇ ਦਿਖਾਏ ਜਾਣ ਵਾਲੇ ਵੱਡੇ ਦਾਅਵੇ ਹਨ, ਜੋ ਸੈਂਕੜੇ ਲੋਕਾਂ ਨੂੰ ਗਾਰੰਟਿਡ ਰਿਟਰਨ ਦੇ ਲਾਲਚ ’ਚ ਫਸਾ ਰਹੇ ਹਨ। ਇਸ ਲਾਲਚ ’ਚ ਉਹ ਆਪਣੀ ਮਿਹਨਤ ਦੀ ਕਮਾਈ ਪੂੰਜੀ ਵੀ ਗੁਆ ਰਹੇ ਹਨ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਸਾਵਧਾਨੀ ਅਤੇ ਸਹੀ ਜਾਣਕਾਰੀ ਰੱਖਣੀ ਓਨੀ ਹੀ ਮਹੱਤਵਪੂਰਨ ਹੈ।
ਬੀ. ਐੱਸ. ਈ. ਸੀ. ਆਰ. ਓ. ਕਮਲਾ ਕੰਥਾਰਾਜ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ 12 ਫੀਸਦੀ ਤੋਂ ਵੱਧ ਰਿਟਰਨ ਦਾ ਦਾਅਵਾ ਕਰਨ ਵਾਲੇ ਜ਼ਿਆਦਾਤਰ ਪਲੇਟਫਾਰਮ ਫਰਜ਼ੀ ਹੁੰਦੇ ਹਨ। ਆਮ ਲੋਕਾਂ ਖਾਸ ਕਰ ਕੇ ਛੋਟੇ ਨਿਵੇਸ਼ਕਾਂ ਨੂੰ ਇੱਥੇ ਜਾਗਰੂਕ ਰਹਿਣ ਦੀ ਲੋੜ ਹੈ। ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਵਟਸਐਪ, ਟੈਲੀਗ੍ਰਾਮ, ਯੂ-ਟਿਊਬ, ਫੇਸਬੁੱਕ ਆਦਿ ’ਚ ਚੱਲ ਰਹੇ ਕਥਿਤ ਇਨਵੈਸਟਮੈਂਟ ਚੈਨਲਾਂ ਕਾਰਨ ਲੋਕ ਆਪਣੀ ਉਮਰ ਭਰ ਦੀ ਪੂੰਜੀ ਗੁਆ ਰਹੇ ਹਨ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਮਿਹਨਤ ਨਾਲ ਕਮਾਈ ਪੂੰਜੀ ਲਾਵਾਰਿਸ ਕਿਉਂ?
ਕਮਲਾ ਕੰਥਾਰਾਜ ਅਨੁਸਾਰ, ਭਾਰਤੀ ਬੈਂਕਾਂ ਅਤੇ ਈ. ਪੀ. ਐੱਫ. ਓ. ’ਚ ਅਜਿਹੇ ਕਰੋੜਾਂ ਰੁਪਏ ਪਏ ਹਨ, ਜਿਨ੍ਹਾਂ ਦਾ ਕੋਈ ਦਾਅਵੇਦਾਰ ਹੀ ਨਹੀਂ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਜਨਤਾ ਦਾ ਆਪਣੇ ਹੀ ਪੈਸੇ ਦੇ ਪ੍ਰਤੀ ਜਾਗਰੂਕ ਨਾ ਹੋਣਾ ਹੈ। ਉਨ੍ਹਾਂ ਮੁਤਾਬਕ ਲੋਕ ਨਿਵੇਸ਼ ਤਾਂ ਕਰਦੇ ਹਨ ਪਰ ਇਹ ਤੈਅ ਹੀ ਨਹੀਂ ਕਰਦੇ ਕਿ ਉਨ੍ਹਾਂ ਤੋਂ ਬਾਅਦ ਪੈਸੇ ਦਾ ਹੱਕਦਾਰ ਕੌਣ ਹੋਵੇਗਾ। ਇਸ ਪੈਸੇ ਦੀ ਨਾ ਤਾਂ ਨੋਮਿਨੀ ਦਰਜ ਹੁੰਦੀ ਹੈ ਅਤੇ ਨਾ ਹੀ ਕੋਈ ਵਸੀਅਤ ਬਣਾਈ ਜਾਂਦੀ ਹੈ।
ਨਤੀਜਾ ਨਾ ਤਾਂ ਪੈਸਾ ਅਸਲੀ ਮਾਲਕ ਦੇ ਪਰਿਵਾਰ ਨੂੰ ਮਿਲ ਰਿਹਾ ਹੈ ਅਤੇ ਨਾ ਹੀ ਉਸ ਪੈਸੇ ’ਤੇ ਸਰਕਾਰ ਦਾ ਅਧਿਕਾਰ ਰਹਿੰਦਾ ਹੈ, ਇਸ ਲਈ ਹਰ ਨਿਵੇਸ਼ ਅਤੇ ਖਾਤੇ ’ਚ ਨਾਮੀਨੀ ਜ਼ਰੂਰ ਪਾਓ ਅਤੇ ਇਸ ਨੂੰ ਸਮੇਂ-ਸਮੇਂ ’ਤੇ ਅਪਡੇਟ ਕਰੋ। ਸਹੀ ਜਾਣਕਾਰੀ, ਅਪਡੇਟ ਅਤੇ ਰਿਕਾਰਡ ਰੱਖਣ ਨਾਲ ਤੁਹਾਡਾ ਪੈਸਾ ਕਦੇ ਫਸਿਆ ਨਹੀਂ ਰਹੇਗਾ। ਇਸ ਪੈਸੇ ਦੀ ਵਸੀਅਤ ਬਣਾਉਣੀ ਵੀ ਜ਼ਰੂਰੀ ਹੈ। ਸੇਵਿੰਗ ਅਤੇ ਸੰਪਤੀ ਦਾ ਪੂਰਾ ਵੇਰਵਾ ਲਿਖਤੀ ਜਾਂ ਡਿਜੀਟਲ ਰੂਪ ’ਚ ਸੁਰੱਖਿਅਤ ਰੱਖੋ।
ਇਹ ਵੀ ਪੜ੍ਹੋ : ਸਰਕਾਰੀ ਬੈਂਕ ਦੇ Assistant Manager ਦੀ ਧੋਖਾਧੜੀ, ਲਾਕਰ 'ਚੋਂ ਚੋਰੀ ਕੀਤਾ 3 ਕਿਲੋ ਸੋਨਾ
ਅੱਜ ਦੀ ਸਮਝਦਾਰ ਬਚਤ ਹੀ ਕੱਲ ਦੀ ਆਰਥਿਕ ਸੁਰੱਖਿਆ, ਸੇਵਿੰਗ ’ਚ ਅਨੁਸ਼ਾਸਨ ਜ਼ਰੂਰੀ
ਵਿੱਤੀ ਸੁਰੱਖਿਆ ਸਿਰਫ ਵੱਧ ਕਮਾਈ ਨਾਲ ਨਹੀਂ, ਬਲਕਿ ਅਨੁਸ਼ਾਸਿਤ ਬਚਤ ਅਤੇ ਸਹੀ ਯੋਜਨਾ ਨਾਲ ਯਕੀਨੀ ਹੁੰਦੀ ਹੈ। ਕਮਲਾ ਕੰਥਾਰਾਜ ਅਨੁਸਾਰ, ਜੇਕਰ ਵਿੱਤੀ ਅਨੁਸ਼ਾਸਨ ਬਚਪਨ ਤੋਂ ਸਿਖਾਇਆ ਜਾਵੇ ਤਾਂ ਭਵਿੱਖ ’ਚ ਆਰਥਿਕ ਮਜ਼ਬੂਤੀ ਆਪਣੇ-ਆਪ ਬਣਦੀ ਚਲੀ ਜਾਂਦੀ ਹੈ।
ਉਨ੍ਹਾਂ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਅੱਜ ਦੇ ਸਮੇਂ ’ਚ ਨੌਜਵਾਨ ਅਤੇ ਬੱਚੇ ਛੋਟੀਆਂ-ਛੋਟੀਆਂ ਇੱਛਾਵਾਂ ’ਤੇ ਨਿਯਮਿਤ ਤੌਰ ’ਤੇ ਖਰਚ ਕਰਦੇ ਹਨ-ਜਿਵੇਂ ਫਾਸਟ ਫੂਡ, ਗੈਜੇਟਸ ਜਾਂ ਮਨੋਰੰਜਨ। ਜੇਕਰ ਇਨ੍ਹਾਂ ਹੀ ਖਰਚਿਆਂ ਦਾ ਇਕ ਹਿੱਸਾ ਬਚਤ ’ਚ ਬਦਲਿਆ ਜਾਵੇ ਅਤੇ ਬੱਚਿਆਂ ਨੂੰ ਪਾਕਿਟ ਮਨੀ ਰਾਹੀਂ ਸੇਵਿੰਗ ਦੀ ਆਦਤ ਪਾਈ ਜਾਵੇ ਤਾਂ ਲੰਬੀ ਮਿਆਦ ’ਚ ਵੱਡਾ ਫੰਡ ਤਿਆਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕੋਈ ਵਿਅਕਤੀ 20-25 ਸਾਲ ਦੀ ਉਮਰ ਤੋਂ ਨਿਯਮਿਤ ਅਤੇ ਅਨੁਸ਼ਾਸਿਤ ਨਿਵੇਸ਼ ਸ਼ੁਰੂ ਕਰੇ ਤਾਂ 30-35 ਸਾਲ ਦੀ ਉਮਰ ਤੱਕ ਇਕ ਕਰੋੜ ਰੁਪਏ ਦੀ ਪੂੰਜੀ ਬਣਾਉਣੀ ਅਸੰਭਵ ਨਹੀਂ ਹੈ। ਕਮਲਾ ਕੰਥਾਰਾਜ ਨੇ ਜ਼ੋਰ ਦੇ ਕੇ ਕਿਹਾ ਕਿ ਵਿੱਤੀ ਸਾਖਰਤਾ ਸਿਰਫ ਨਿਵੇਸ਼ ਤੱਕ ਸੀਮਤ ਨਹੀਂ ਹੈ ਬਲਕਿ ਇਹ ਜੀਵਨਸ਼ੈਲੀ ਦਾ ਹਿੱਸਾ ਹੋਣੀ ਚਾਹੀਦੀ ਹੈ। ਬਚਤ, ਨਿਵੇਸ਼ ਅਤੇ ਜੋਖਿਮ ਪ੍ਰਬੰਧਨ ਨੂੰ ਪਰਿਵਾਰ ’ਚ ਖੁੱਲ੍ਹ ਕੇ ਚਰਚਾ ਦਾ ਵਿਸ਼ੇ ਬਣਾਉਣਾ ਚਾਹੀਦਾ ਹੈ ਤਾਂਕਿ ਅਗਲੀ ਪੀੜ੍ਹੀ ਆਰਥਿਕ ਤੌਰ ’ਤੇ ਜਾਗਰੂਕ ਬਣ ਸਕੇ।
ਇਹ ਵੀ ਪੜ੍ਹੋ : 100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ
ਨਿਵੇਸ਼ ’ਚ ਲਾਲਚ ਹੀ ਸਭ ਤੋਂ ਵੱਡਾ ਦੁਸ਼ਮਣ
ਸੀ. ਆਰ. ਓ. ਕਮਲਾ ਕੰਥਾਰਾਜ ਮੁਤਾਬਕ ਆਮ ਨਿਵੇਸ਼ਕ ਰੋਜ਼ਾਨਾ ’ਚ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜੋ ਉਨ੍ਹਾਂ ਨੂੰ ਭਾਰੀ ਨੁਕਸਾਨ ਵੱਲ ਲੈ ਜਾਂਦੀਆਂ ਹਨ। ਸਭ ਤੋਂ ਵੱਡੀ ਭੁੱਲ ਇਹ ਹੈ ਕਿ ਲੋਕ ਆਪਣਾ ਸਾਰਾ ਪੈਸਾ ਇਕ ਹੀ ਜਗ੍ਹਾ ਜਾਂ ਇਕੱਠਾ ਨਿਵੇਸ਼ ਕਰ ਦਿੰਦੇ ਹਨ।
ਉਨ੍ਹਾਂ ਨਿਵੇਸ਼ ਨਾਲ ਜੁੜੇ ਬਹੁਤ ਹੀ ਆਸਾਨ ਸੁਝਾਅ ਦਿੱਤੇ :
-ਸਭ ਤੋਂ ਪਹਿਲਾਂ ਇਹ ਸਮਝ ਲਓ ਕਿ ਕੋਈ ਵੀ ‘ਗਾਰੰਟਿਡ ਪ੍ਰਾਫਿਟ’ ਜਾਂ ‘ਪੱਕੇ ਸ਼ਾਰਟ ਟਿਪਸ’ ਵਰਗੀ ਗੱਲ ਸੱਚ ਨਹੀਂ ਹੈ। ਕੋਈ ਵੀ ਵੈਲਿਡ ਨਿਵੇਸ਼ ਸਾਲਾਨਾ 12 ਫੀਸਦੀ ਤੋਂ ਜ਼ਿਆਦਾ ਰਿਟਰਨ ਨਹੀਂ ਦਿੰਦਾ।
-ਇਕ ਹੀ ਜਗ੍ਹਾ ਸਾਰਾ ਪੈਸਾ ਨਿਵੇਸ਼ ਨਾ ਕਰਨਾ, ਕੁਝ ਰਕਮ ਬਚਾ ਕੇ ਰੱਖਣੀ ਵੀ ਜ਼ਰੂਰੀ। ਸੋਚ-ਸਮਝ ਕੇ ਨਿਵੇਸ਼ ਕਰੋ।
-ਕਰਜ਼ਾ ਲੈ ਕੇ ਨਿਵੇਸ਼ ਨਾ ਕਰੋ, ਇਸ ਨਾਲ ਦੋਹਰਾ ਜੋਖਿਮ ਰਹੇਗਾ।
-ਆਪਣੀ ਸਮਰੱਥਾ ਅਤੇ ਜ਼ਰੂਰਤਾਂ ਨੂੰ ਧਿਆਨ ’ਚ ਰੱਖ ਕੇ ਨਿਵੇਸ਼ ਕਰੋ।
-ਜੋਖਿਮ ਨੂੰ ਘੱਟ ਕਰਨ ਲਈ ਡਾਇਵਰਸੀਫਿਕੇਸ਼ਨ ਜ਼ਰੂਰੀ ਹੈ।
ਆਮ ਲੋਕਾਂ ਦੀਆਂ ਵੱਡੀਆਂ ਗਲਤੀਆਂ :
ਬੀ. ਐੱਸ. ਈ. ਅਧਿਕਾਰੀਆਂ ਨੇ ਉਨ੍ਹਾਂ ਆਮ ਵਿੱਤੀ ਗਲਤੀਆਂ ਵੱਲ ਵੀ ਧਿਆਨ ਦਿਵਾਇਆ, ਜੋ ਅਕਸਰ ਨੌਕਰੀ-ਪੇਸ਼ਾ ਅਤੇ ਮੱਧ ਵਰਗੀ ਪਰਿਵਾਰ ਅਣਜਾਣੇ ’ਚ ਕਰ ਬੈਠਦੇ ਹਨ :
-ਆਪਣੀ ਜਾਇਦਾਦ ਅਤੇ ਸੇਵਿੰਗ ਦਾ ਪੂਰਾ ਰਿਕਾਰਡ ਨਾ ਰੱਖਣਾ।
-ਨਿਵੇਸ਼ ਤਾਂ ਕਰਨਾ ਪਰ ਵਸੀਅਤ ਅਤੇ ਨੋਮਿਨੀ ਨਾ ਬਣਾਉਣਾ।
-ਭਵਿੱਖ ਦੀ ਯੋਜਨਾ ਨੂੰ ‘ਕੱਲ ਦੇਖਾਂਗੇ’ ’ਤੇ ਛੱਡ ਦੇਣਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
