ਬਲਜੀਤ ਸਿੰਘ ਦਾਦੂਵਾਲ ਨੇ ਅਮਨ-ਸ਼ਾਂਤੀ ਨੂੰ ਲੈ ਕੇ ਸਿੱਖ ਭਾਈਚਾਰੇ ਨੂੰ ਕੀਤੀ ਖ਼ਾਸ ਅਪੀਲ

03/21/2023 11:56:30 AM

ਕੈਥਲ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਭਾਈਚਾਰੇ ਨੂੰ ਅਮਨ ਅਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਅਤੇ ਅਮਰੀਕਾ ਵਿਚ ਖ਼ਾਲਿਸਤਾਨੀ ਸਮਰਥਕਾਂ ਵਲੋਂ ਤਿਰੰਗੇ ਦਾ ਅਪਮਾਨ ਕੀਤਾ ਗਿਆ। ਦਾਦੂਵਾਲ ਨੇ ਕਿਹਾ ਕਿ ਬ੍ਰਿਟੇਨ 'ਚ ਭਾਰਤੀ ਅੰਬੈਂਸੀ ਤੋਂ ਤਿਰੰਗਾ ਝੰਡਾ ਉਤਾਰਿਆ ਗਿਆ। ਇਹ ਠੀਕ ਨਹੀਂ ਹੈ। ਇਸ ਤਿਰੰਗੇ 'ਚ ਸਾਡਾ ਕੇਸਰੀ ਰੰਗ ਹੈ। ਉਨ੍ਹਾਂ ਕਿਹਾ ਇੰਗਲੈਂਡ ਅਤੇ ਅਮਰੀਕਾ ਅਜਿਹੀਆਂ ਬਹੁਤ ਥਾਵਾਂ 'ਤੇ ਹਜ਼ਾਰਾਂ ਸਿੱਖ ਇਕੱਠੇ ਹੁੰਦੇ ਹਨ ਅਤੇ ਬਹੁਤ ਹੀ ਜ਼ਾਬਤੇ ਵਿਚ ਰਹਿ ਕੇ ਪ੍ਰਦਰਸ਼ਨ ਕਰਦੇ ਹਨ।

ਇਹ ਵੀ ਪੜ੍ਹੋ- ਲੰਡਨ 'ਚ ਭਾਰਤੀ ਹਾਈ ਕਮਿਸ਼ਨ ਤੋਂ ਤਿਰੰਗਾ ਉਤਾਰਨ ਦੇ ਮਾਮਲੇ 'ਚ ਇੱਕ ਵਿਅਕਤੀ ਗ੍ਰਿਫ਼ਤਾਰ

ਦਾਦੂਵਾਲ ਮੁਤਾਬਕ ਅਸੀਂ ਕਿੰਨੀਆਂ ਸ਼ਹਾਦਤਾਂ ਦੇ ਕੇ ਭਾਰਤ ਦੀ ਆਜ਼ਾਦੀ 'ਚ ਯੋਗਦਾਨ ਪਾਇਆ, ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ। ਅੱਜ ਵੀ ਸਾਡੇ ਸਿੱਖ ਫ਼ੌਜੀ ਦੇਸ਼ ਦੀ ਰਾਖੀ ਕਰਦੇ ਸਰਹੱਦਾਂ ਤੋਂ ਤਿਰੰਗੇ ਵਿਚ ਲਿਪਟ ਕੇ ਆਉਂਦੇ ਹਨ। ਸਾਨੂੰ ਬਹੁਤ ਹੀ ਜ਼ਾਬਤੇ ਵਿਚ ਰਹਿ ਕੇ ਰੋਸ ਜ਼ਾਹਰ ਕਰਨਾ ਚਾਹੀਦਾ ਹੈ। ਸਾਨੂੰ ਇਸ ਤਰ੍ਹਾਂ ਦਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਹੈ, ਜਿਸ ਨਾਲ ਸਾਡੇ ਸਿੱਖ ਭਾਈਚਾਰੇ ਦਾ ਗਲੋਬਲ ਪੱਧਰ 'ਤੇ ਸਾਡੇ 'ਤੇ ਅਸਰ ਪਵੇ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸੋਚਦਾ ਹਾਂ ਕਿ ਇਸ ਬਾਰੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ। ਜਿਹੜੇ ਬੇਕਸੂਰ ਸਿੱਖ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਪੰਜਾਬ ਦੇ ਮਾਹੌਲ ਨੂੰ ਅਮਨ-ਸ਼ਾਂਤੀ ਦੀ ਲੋੜ ਹੈ। ਪੰਜਾਬ ਵਿਕਾਸ ਅਤੇ ਭਾਈਚਾਰਾ ਚਾਹੁੰਦਾ ਹੈ, ਇਹੋ ਜਿਹੇ ਹਾਲਾਤ ਬਿਲਕੁਲ ਨਹੀਂ ਬਣਨੇ ਚਾਹੀਦੇ।

ਇਹ ਵੀ ਪੜ੍ਹੋ- ਸਿੱਖ ਭਾਈਚਾਰੇ ਵੱਲੋਂ ਦਿੱਲੀ 'ਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ, ਕਿਹਾ- ਤਿਰੰਗੇ ਦਾ ਅਪਮਾਨ ਬਰਦਾਸ਼ਤ ਨਹੀਂ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਦੀ ਹੋਈ ਗ੍ਰਿਫ਼ਤਾਰੀ ਦੇ ਰੋਸ ਵਿਚ ਬ੍ਰਿਟੇਨ 'ਚ ਇਕੱਠੇ ਹੋਏ ਖ਼ਾਲਿਸਤਾਨੀ ਸਮਰਥਕਾਂ ਨੇ ਭਾਰਤੀ ਅੰਬੈਸੀ 'ਤੇ ਹਮਲਾ ਕਰਕੇ ਤਿਰੰਗੇ ਨੂੰ ਉਤਾਰ ਦਿੱਤਾ। ਇਸ ਘਟਨਾ ਮਗਰੋਂ ਭਾਰਤ ਵਿਚ ਰਹਿੰਦੇ ਸਿੱਖ ਭਾਈਚਾਰੇ 'ਚ ਰੋਹ ਹੈ। ਬੀਤੇ ਕੱਲ ਦਿੱਲੀ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਸਿੱਖ ਭਾਈਚਾਰੇ ਵਲੋਂ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


Tanu

Content Editor

Related News