3 ਦਹਾਕਿਆਂ ''ਚ ਸਭ ਤੋਂ ਖਤਰਨਾਕ ਤੂਫਾਨਾਂ ''ਚੋਂ ਇਕ ਹੈ ''ਫਾਨੀ''

05/04/2019 2:11:41 PM

ਓਡੀਸ਼ਾ— ਭਾਰਤੀ ਮੌਸਮ ਵਿਭਾਗ ਮੁਤਾਬਕ, ਸਾਲ 1891 ਤੋਂ 2017 ਤਕ ਲੱਗਭਗ 14 ਤੂਫਾਨ ਬੰਗਾਲ ਦੀ ਖਾੜੀ ਤੋਂ ਉੱਠੇ ਸਨ ਪਰ ਇਕ ਨੂੰ ਛੱਡ ਕੇ ਕੋਈ ਵੀ ਭਾਰਤ ਨਹੀਂ ਆ ਸਕਿਆ ਸੀ ਪਰ ਇਸ ਵਾਰ 'ਫਾਨੀ' ਨੇ ਇਸ ਰਿਕਾਰਡ ਨੂੰ ਤੋੜ ਦਿੱਤਾ। ਓਡੀਸ਼ਾ ਦੀ ਸਰਹੱਦ 'ਤੇ ਇਸ ਤੂਫਾਨ ਫਾਨੀ ਦੇ ਦਾਖਲ ਹੁੰਦੇ ਸਮੇਂ  ਰਫਤਾਰ 200 ਕਿਲੋਮੀਟਰ ਪ੍ਰਤੀ ਘੰਟਾ ਸੀ। ਓਧਰ ਮੌਸਮ ਵਿਭਾਗ ਮੁਤਾਬਕ ਫਾਨੀ 3 ਦਹਾਕਿਆਂ 'ਚ ਹੁਣ ਤੱਕ ਦੇ ਸਭ ਤੋਂ ਖਤਰਨਾਕ ਤੂਫਾਨਾਂ ਵਿਚੋਂ ਇਕ ਹੈ। ਇਸ ਤੋਂ ਪਹਿਲੇ ਸਾਲ 2013 'ਚ ਫੈਲਿਨ ਨਾਮੀ ਚੱਕਰਵਾਤੀ ਤੂਫਾਨ ਨੇ ਓਡੀਸ਼ਾ 'ਚ ਕਹਿਰ ਵਰ੍ਹਾਇਆ ਸੀ। ਫੈਲਿਨ ਤੂਫਾਨ ਦਾ ਕੇਂਦਰ ਗੋਪਾਲਪੁਰ ਸੀ। ਇਸ ਤੋਂ ਲੱਖਾਂ ਲੋਕ ਪ੍ਰਭਾਵਿਤ ਹੋਏ ਸਨ, ਜਦਕਿ 2,400 ਕਰੋੜ ਰੁਪਏ ਦੀ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ। ਫਾਨੀ ਦੇ ਆਉਣ ਤੋਂ ਪਹਿਲਾਂ 'ਯੈਲੋ ਵਾਰਨਿੰਗ' ਦਿੱਤੀ ਗਈ ਸੀ, ਜੋ ਓਡੀਸ਼ਾ ਦੇ ਤੱਟੀ ਇਲਾਕਿਆਂ ਦੇ ਨੇੜੇ-ਤੇੜੇ ਭਾਰੀ ਮੀਂਹ ਅਤੇ ਸਮੁੰਦਰ 'ਚ ਤੇਜ਼ ਲਹਿਰਾਂ ਦੇ ਉੱਠਣ ਦਾ ਸੰਕੇਤ ਸੀ। ਵਿਗਿਆਨੀ ਭਾਸ਼ਾ 'ਚ ਯੈਲੋ ਵਾਰਨਿੰਗ ਦਾ ਮਤਲਬ ਹੈ ਮੌਸਮ 'ਚ ਗੜਬੜੀ।

ਗ੍ਰਹਿ ਮੰਤਰਾਲਾ ਦਾ ਹੈਲਪਲਾਈਨ ਨੰਬਰ-1938 ਚਾਲੂ
ਤੂਫਾਨ ਫਾਨੀ ਨਾਲ ਸਬੰਧਤ ਜਾਣਕਾਰੀ ਲਈ ਗ੍ਰਹਿ ਮੰਤਰਾਲਾ ਨੇ ਹੈਲਪਲਾਈਨ ਨੰਬਰ 1938 ਸ਼ੁਰੂ ਕੀਤੀ ਹੈ। ਗ੍ਰਹਿ ਮੰਤਰਾਲਾ ਮੁਤਾਬਕ ਇਸ ਹੈਲਪਲਾਈਨ 'ਤੇ ਚੱਕਰਵਾਤੀ ਤੂਫਾਨ ਨਾਲ ਸਬੰਧਤ ਘਟਨਾ ਚੱਕਰ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

'ਫਾਨੀ' ਕਾਰਨ 8 ਲੋਕਾਂ ਦੀ ਮੌਤ—
ਦੱਸਣਯੋਗ ਹੈ ਕਿ ਚੱਕਰਵਾਤੀ ਤੂਫਾਨ ਫਾਨੀ ਨੇ ਸ਼ੁੱਕਰਵਾਰ ਨੂੰ ਓਡੀਸ਼ਾ ਦੇ ਤੱਟ 'ਤੇ ਦਸਤਕ ਦਿੱਤੀ ਅਤੇ ਇਸ ਨੇ ਤੱਟੀ ਇਲਾਕਿਆਂ ਵਿਚ ਕਾਫੀ ਤਬਾਹੀ ਮਚਾਈ। ਇਸ ਤੂਫਾਨ ਕਾਰਨ ਓਡੀਸ਼ਾ 'ਚ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਤੂਫਾਨ ਨੂੰ ਦੇਖਦੇ ਹੋਏ ਲੋਕਾਂ ਨੂੰ ਅਲਰਟ ਕੀਤਾ ਗਿਆ। ਸੁਰੱਖਿਆ ਦੇ ਲਿਹਾਜ਼ ਨਾਲ ਕਰੀਬ 220 ਟਰੇਨਾਂ ਰੱਦ ਕੀਤੀਆਂ ਗਈਆਂ ਅਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ।


Tanu

Content Editor

Related News