CRPF ਕੈਂਪ ''ਚ ਲਗਾਇਆ ਗਿਆ ਪਹਿਲਾ ਮੋਬਾਇਲ ਟਾਵਰ
Monday, Mar 17, 2025 - 11:31 AM (IST)

ਰਾਏਪੁਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਦੇ ਇਕ ਸੁਦੂਰ ਪਿੰਡ 'ਚ ਪਹਿਲਾ ਮੋਬਾਇਲ ਫੋਨ ਟਾਵਰ ਲਗਾਇਆ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੋਲੀ ਮੌਕੇ ਟੇਕਰਗੁੜੇਮ ਪਿੰਡ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਕੈਂਪ ਦੇ ਅੰਦਰ ਸਥਾਪਤ ਕੀਤਾ ਗਿਆ ਇਹ ਟਾਵਰ ਅੰਦਰੂਨੀ ਖੇਤਰ ਦੇ ਕਈ ਪਿੰਡਾਂ ਨੂੰ 'ਸੈਲੁਲਰ ਕਨੈਕਟੀਵਿਟੀ' ਪ੍ਰਦਾਨ ਕਰੇਗਾ। ਟੇਕਲਗੁੜੇਮ ਉਨ੍ਹਾਂ ਪਹਿਲੇ ਸਥਾਨਾਂ 'ਚੋਂ ਇਕ ਸੀ, ਜਿੱਥੇ ਅਰਧ ਸੈਨਿਕ ਬਲ ਨੇ ਪਿਛਲੇ ਸਾਲ ਜਨਵਰੀ 'ਚ ਇਕ ਆਪਰੇਸ਼ਨ ਕੈਂਪ ਸਥਾਪਤ ਕੀਤਾ ਸੀ ਤਾਂ ਕਿ ਵਿਸ਼ੇਸ਼ ਮਾਓਵਾਦੀ ਵਿਰੋਧੀ ਮੁਹਿੰਮ ਚਲਾਈ ਜਾ ਸਕੇ ਅਤੇ ਸਥਾਨਕ ਪ੍ਰਸ਼ਾਸਨ ਨੂੰ ਖੇਤਰ 'ਚ ਵਿਕਾਸ ਕੰਮਾਂ 'ਚ ਮਦਦ ਮਿਲ ਸਕੇ।
ਸੁਰੱਖਿਆ ਅਦਾਰੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਸੀਆਰਪੀਐੱਫ ਦੇ ਟੇਕਲਗੁੜੇਮ ਆਪਰੇਸ਼ਨ ਕੈਂਪ ਦੇ ਅੰਦਰ 13 ਮਾਰਚ ਨੂੰ ਬੀਐੱਨਐੱਨਐੱਲ ਦਾ ਇਕ ਮੋਬਾਇਲ ਟਾਵਰ ਲਗਾਇਆ ਗਿਆ। ਇਸ ਬੇਸ ਦਾ ਸੰਚਾਲਨ ਸੀਆਰਪੀਐੱਫ ਦੀ 150ਵੀਂ ਬਟਾਲੀਅਨ ਕਰਦੀ ਹੈ। ਇਸ ਖੇਤਰ 'ਚ ਇਹ ਇਸ ਤਰ੍ਹਾਂ ਦੀ ਪਹਿਲੀ ਸਹੂਲਤ ਹੈ।'' ਉਨ੍ਹਾਂ ਕਿਹਾ,''ਇਹ ਪਿੰਡ ਨਕਸਲ ਹਿੰਸਾ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਦੇ ਅੰਦਰੂਨੀ ਇਲਾਕੇ 'ਚ ਸਥਿਤ ਹੈ ਅਤੇ ਇਸ ਦੀ ਸਰਹੱਦ ਬਸਤਰ ਖੇਤਰ ਦੇ ਇਕ ਹੋਰ ਖੱਬੇਪੱਖੀ ਕੱਟੜਪੰਥੀ ਪ੍ਰਭਾਵਿਤ ਪਿੰਡ ਬੀਜਾਪੁਰ ਨਾਲ ਲੱਗਦੀ ਹੈ।''