ਮੱਧ ਪ੍ਰਦੇਸ਼ ’ਚ ਬਰਡ ਫਲੂ ਕਾਰਨ ਕਾਵਾਂ ’ਤੇ ਮੰਡਰਾ ਰਿਹੈ ਵੱਡਾ ਖ਼ਤਰਾ

01/10/2021 5:53:02 PM

ਇੰਦੌਰ (ਭਾਸ਼ਾ)— ਮੱਧ ਪ੍ਰਦੇਸ਼ ਵਿਚ ਬਰਡ ਫਲੂ ਦਾ ਕਹਿਰ ਕਾਵਾਂ ਲਈ ਸਭ ਤੋਂ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਿਹਾ ਹੈ ਅਤੇ ਇਕ ਪੰਦਰਵਾੜੇ ਅੰਦਰ ਸੂਬੇ ’ਚ ਇਸ ਪ੍ਰਜਾਤੀ ਦੇ ਕਰੀਬ 700 ਪੰਛੀ ਮਾਰੇ ਗਏ ਹਨ। ਸੂਬੇ ਦੇ ਪਸ਼ੂ ਪਾਲਣ ਮਹਿਕਮੇ ਦੇ ਆਲਾ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮਾਹਰਾਂ ਦਾ ਮੰਨਣਾ ਹੈ ਕਿ ਮਰੇ ਪੰਛੀਆਂ ਦੇ ਮਾਸ ਖਾਣ ਅਤੇ ਸਮੂਹ ’ਚ ਰਹਿਣ ਦਾ ਰੁਝਾਨ ਕਾਵਾਂ ਨੂੰ ਬਰਡ ਫਲੂ ਦਾ ਤੁਲਨਾਤਮਕ ਤੌਰ ’ਤੇ ਤੇਜ਼ੀ ਨਾਲ ਸ਼ਿਕਾਰ ਬਣਾ ਰਹੀ ਹੈ। ਸੂਬੇ ਦੇ ਪਸ਼ੂ ਪਾਲਣ ਮਹਿਕਮੇ ਦੇ ਸੰਚਾਲਕ ਡਾ. ਆਰ. ਕੇ. ਰੋਕੜੇ ਨੇ ਕਿਹਾ ਕਿ ਪ੍ਰਦੇਸ਼ ਵਿਚ 26 ਦਸੰਬਰ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਜ਼ਿਲਿ੍ਹਆਂ ਵਿਚ ਕੁੱਲ ਮਿਲਾ ਕੇ ਕਰੀਬ 700 ਕਾਂ ਮਿ੍ਰਤਕ ਮਿਲੇ ਹਨ। ਹੁਣ ਤੱਕ ਮਿਲੀ ਜਾਂਚ ਰਿਪੋਰਟ ਤੋਂ ਸਾਫ਼ ਹੈ ਕਿ ਬਰਡ ਫਲੂ ਦੇ ਵਾਇਰਸ ਨਾਲ ਹੋਰ ਪੰਛੀ ਪ੍ਰਜਾਤੀਆਂ ਦੇ ਮੁਕਾਬਲੇ ਕਾਂ ਜ਼ਿਆਦਾ ਸੰਕਰਮਿਤ ਹੋਏ ਹਨ। ਰੋਕੜੇ ਨੇ ਕਿਹਾ ਕਿ ਇੰਦੌਰ, ਮੰਦਸੌਰ ਅਤੇ ਆਗਰ ਮਾਲਵਾ ਸੂਬੇ ਦੇ ਉਨ੍ਹਾਂ ਜ਼ਿਲਿ੍ਹਆਂ ਵਿਚ ਸ਼ਾਮਲ ਹੈ, ਜਿੱਥੇ ਪੰਦਰਵਾੜੇ ਦੇ ਅੰਦਰ ਵੱਡੀ ਗਿਣਤੀ ਵਿਚ ਕਾਂ ਮਰੇ ਮਿਲੇ ਹਨ। 

ਮੰਨਿਆ ਜਾ ਰਿਹਾ ਹੈ ਕਿ ਬਰਡ ਫਲੂ ਦਾ ਵਾਇਰਸ ਪ੍ਰਵਾਸੀ ਪੰਛੀਆਂ ਜ਼ਰੀਏ ਭਾਰਤ ਆਇਆ ਹੈ। ਅਸੀਂ ਸੂਬੇ ਦੀਆਂ ਕੁਝ ਥਾਵਾਂ ਤੋਂ ਇਨ੍ਹਾਂ ਮਹਿਮਾਨ ਪਰਿੰਦਿਆਂ ਦੀ ਬੀਟ ਦੇ ਨਮੂਨੇ ਲੈ ਕੇ ਬਰਡ ਫਲੂ ਦੀ ਜਾਂਚ ਲਈ ਪ੍ਰਯੋਗਸ਼ਾਲਾ ਭੇਜੇ ਹਨ ਅਤੇ ਇਨ੍ਹਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਬਰਡ ਫਲੂ ਦੇ ਕਹਿਰ ਦਰਮਿਆਨ ਸੂਬੇ ਵਿਚ ਪਿਛਲੇ 15 ਦਿਨਾਂ ਦੇ ਅੰਦਰ ਕਾਵਾਂ ਨਾਲ ਹੀ ਕੁਝ ਗਿਣਤੀ ’ਚ ਬਗਲੇ, ਕਬੂਤਰ, ਕੋਇਲ ਅਤੇ ਹੋਰ ਘਰੇਲੂ ਪ੍ਰਜਾਤੀਆਂ ਦੇ ਕੁੱਲ 1,100 ਪੰਛੀ ਮਿ੍ਰਤਕ ਮਿਲੇ ਹਨ। ਮੁਰਗੇ-ਮੁਰਗੀਆਂ ਵਿਚ ਵੀ ਇਸ ਬੀਮਾਰੀ ਦਾ ਵਾਇਰਸ ਮਿਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿਚ ਬਰਡ ਫਲੂ ਦੀ ਆਹਟ ਬੀਤੀ 29 ਦਸੰਬਰ 2020 ਨੂੰ ਸੁਣਾਈ ਦਿੱਤੀ ਸੀ, ਜਦੋਂ ਇੰਦੌਰ ਦੇ ਰੈਸੀਡੈਂਸੀ ਖੇਤਰ ਵਿਚ ਮਰੇ ਮਿਲੇ ਕਾਵਾਂ ਵਿਚ ਇਸ ਬੀਮਾਰੀ ਦਾ ਵਾਇਰਸ ਮਿਲਣ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਸੀ। 


Tanu

Content Editor

Related News