12 ਤਰ੍ਹਾਂ ਦੇ ਪਲਾਸਟਿਕ ਪ੍ਰਦੂਸ਼ਕ CPCB ਦੀ ਸੂਚੀ ''ਚ ਸ਼ਾਮਲ, ਲੱਗੇਗਾ ਬੈਨ
Tuesday, Sep 10, 2019 - 09:59 AM (IST)

ਨਵੀਂ ਦਿੱਲੀ— ਸਿਗਰੇਟ ਦੇ ਟੋਟੇ (ਬਟਸ) ਨੂੰ ਦੁਨੀਆ 'ਚ ਸਭ ਤੋਂ ਵੱਡਾ ਪਲਾਸਟਿਕ ਪ੍ਰਦੂਸ਼ਕ ਮੰਨਿਆ ਜਾਂਦਾ ਹੈ। ਅਜਿਹੇ 'ਚ ਦੇਸ਼ 'ਚ ਇਕ ਵਾਰ ਹੀ ਇਸਤੇਮਾਲ ਹੋਣ ਵਾਲੇ ਪਲਾਸਟਿਕ (ਸਿੰਗਲ ਯੂਜ਼) ਉਤਪਾਦਾਂ 'ਤੇ ਪਾਬੰਦੀ ਲਗਾਉਣ ਲਈ ਕੇਂਦਰ ਸਰਕਾਰ ਦੀ ਸੂਚੀ 'ਚ ਇਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਟ੍ਰਾ, ਈਅਰ ਬਡਸ, ਗੁੱਬਾਰੇ, ਝੰਡੇ ਅਤੇ ਕੈਂਡੀ 'ਚ ਇਸਤੇਮਾਲ ਹੋਣ ਵਾਲੀ ਪਾਲਸਟਿਕ ਸਟਿਕਸ, ਪਤਲੀ ਪਲਾਸਟਿਕ ਦੀਆਂ ਥੈਲੀਆਂ (50 ਮਾਈਕ੍ਰੋਨਜ਼ ਤੋਂ ਘੱਟ), ਨਾਨ-ਵੂਨਨ ਕੈਰੀ ਬੈਗਜ਼ ਵਰਗੇ 12 ਤਰ੍ਹਾਂ ਦੇ ਪਲਾਸਟਿਕ ਪ੍ਰਦੂਸ਼ਕ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੀ ਸੂਚੀ 'ਚ ਸ਼ਾਮਲ ਹਨ, ਜਿਨ੍ਹਾਂ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਹੈ।
ਸਿਗਰੇਟ ਦੇ ਟੋਟੇ 'ਚ ਫਿਲਟਰ ਹੁੰਦਾ ਹੈ, ਜਿਸ ਨੂੰ ਆਮ ਤੌਰ 'ਤੇ ਸੈਲਿਊਲੋਜ ਐਸਿਟੇਟ ਨਾਲ ਬਣਾਇਆ ਜਾਂਦਾ ਹੈ, ਜੋ ਇਕ ਤਰ੍ਹਾਂ ਦਾ ਪਲਾਸਟਿਕ ਹੁੰਦਾ ਹੈ। ਦੱਸਣਯੋਗ ਹੈ ਕਿ 15 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਆਪਣੇ ਭਾਸ਼ਣ 'ਚ ਭਾਰਤ ਨੂੰ ਪਲਾਸਟਿਕ ਪ੍ਰਦੂਸ਼ਣ ਤੋਂ ਮੁਕਤ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਸਾਰਿਆਂ ਨੇ ਮਿਲ ਕੇ 2 ਅਕਤੂਬਰ ਤੋਂ ਭਾਰਤ ਨੂੰ ਪਲਾਸਟਿਕ ਤੋਂ ਮੁਕਤ ਕਰਨਾ ਹੈ। ਇਸ 'ਤੇ ਪਲਾਨ ਤਿਆਰ ਕਰਨ ਨੂੰ ਲੈਕੇ ਮੋਦੀ ਸਰਕਾਰ 'ਚ ਯੁੱਧ ਪੱਧਰ 'ਤੇ ਕੰਮ ਸ਼ੁਰੂ ਹੋ ਚੁਕਿਆ ਹੈ।