ਗਊ ਹੱਤਿਆ ''ਤੇ ਹੋਵੇਗੀ 10 ਸਾਲ ਦੀ ਸਜ਼ਾ, 5 ਲੱਖ ਤੱਕ ਦਾ ਹੋਵੇਗਾ ਜ਼ੁਰਮਾਨਾ
Tuesday, Jun 09, 2020 - 11:52 PM (IST)

ਲਖਨਊ - ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਗਊਆਂ ਨੂੰ ਲੈ ਕੇ ਇੱਕ ਆਰਡੀਨੈਂਸ ਨੂੰ ਮਨਜ਼ੂਰੀ ਦਿੱਤੀ ਹੈ। ਜਿਸ ਦਾ ਨਾਮ ਗਊ ਹੱਤਿਆ ਰੋਕਥਾਮ (ਸੋਧ) ਆਰਡੀਨੈਂਸ 2020 ਹੈ। ਇਸ ਆਰਡੀਨੈਂਸ ਨੂੰ ਕੈਬਨਿਟ ਦੇ ਸਾਹਮਣੇ ਰੱਖਿਆ ਗਿਆ, ਜਿਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਦਿੱਤੀ ਗਈ। ਯੋਗੀ ਸਰਕਾਰ ਦੇ ਇਸ ਆਰਡੀਨੈਂਸ ਤੋਂ ਬਾਅਦ ਹੁਣ ਸੂਬੇ 'ਚ ਗਊ ਹੱਤਿਆ ਕਰਣ 'ਤੇ ਸਖਤ ਸਜ਼ਾ ਦਾ ਪ੍ਰਬੰਧ ਕੀਤਾ ਜਾਵੇਗਾ। ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਇਸ ਨਾਲ ਗਊ ਤਸਕਰੀ 'ਚ ਸ਼ਾਮਲ ਲੋਕਾਂ 'ਤੇ ਸਖਤ ਕਾਰਵਾਈ ਹੋਵੇਗੀ ਅਤੇ ਅਜਿਹੀਆਂ ਘਟਨਾਵਾਂ 'ਤੇ ਰੋਕ ਲੱਗੇਗੀ।
ਯੋਗੀ ਸਰਕਾਰ ਨੇ ਜਿਸ ਆਰਡੀਨੈਂਸ ਨੂੰ ਆਪਣੀ ਮਨਜ਼ੂਰੀ ਦਿੱਤੀ ਹੈ, ਉਸ 'ਚ ਗਊ ਤਸਕਰੀ ਅਤੇ ਗਊ ਹੱਤਿਆ ਨੂੰ ਲੈ ਕੇ ਸਖਤ ਸਜ਼ਾ ਸੱਜਿਆ ਦਾ ਪ੍ਰਬੰਧ ਹੈ। ਇਸ ਦੇ ਮੁਤਾਬਕ ਗਊ ਹੱਤਿਆ ਕਰਣ 'ਤੇ ਦੋਸ਼ੀ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਇਸ ਤੋਂ ਇਲਾਵਾ 5 ਲੱਖ ਰੁਪਏ ਜ਼ੁਰਮਾਨਾ ਵੀ ਵਸੂਲਿਆ ਜਾ ਸਕਦਾ ਹੈ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਗਾਂ ਦਾ ਕੋਈ ਅੰਗ ਭੰਗ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਵੀ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਉਥੇ ਹੀ 3 ਲੱਖ ਤੱਕ ਜ਼ੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ।
ਦੱਸ ਦਈਏ ਕਿ ਉੱਤਰ ਪ੍ਰਦੇਸ਼ 'ਚ ਗਊ ਤਸਕਰੀ ਅਤੇ ਗਊ ਹੱਤਿਆ ਨੂੰ ਲੈ ਕੇ ਕਈ ਮਾਮਲੇ ਸਾਹਮਣੇ ਆ ਰਹੇ ਸਨ। ਹੁਣ ਇੰਝ ਹੀ ਅਪਰਾਧ ਨੂੰ ਰੋਕਣ ਲਈ ਸਰਕਾਰ ਵੱਲੋਂ ਇਹ ਸਖਤ ਕਾਨੂੰਨ ਲਿਆਇਆ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਕਾਨੂੰਨ ਦੇ ਗਲਤ ਇਸਤੇਮਾਲ ਨੂੰ ਲੈ ਕੇ ਕਿਹਾ ਕਿ ਇਸ ਦੀ ਨਿਗਰਾਨੀ ਸਿੱਧੇ ਏ.ਡੀ.ਜੀ. ਲਾਅ ਐਂਡ ਆਰਡਰ ਕਰਣਗੇ। ਉਨ੍ਹਾਂ ਨੇ ਕਿਹਾ ਕਿ ਅਪਰਾਧੀਆਂ ਨੂੰ ਠੱਲ ਪਾਉਣ ਲਈ ਅਜਿਹੇ ਕਾਨੂੰਨ ਜ਼ਰੂਰੀ ਹਨ।