PM ਮੋਦੀ ਸਮੇਤ ਕਈ ਮੰਤਰੀਆਂ ਨੇ ਲਗਵਾਈ ‘ਕੋਰੋਨਾ ਵੈਕਸੀਨ’, ਪਹਿਲੇ ਦਿਨ 25 ਲੱਖ ਰਜਿਸਟ੍ਰੇਸ਼ਨ
Tuesday, Mar 02, 2021 - 10:41 AM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਨੇਤਾਵਾਂ ’ਚ ਸ਼ਾਮਲ ਹਨ, ਜਿਨ੍ਹਾਂ ਨੇ ਸੋਮਵਾਰ ਯਾਨੀ ਕਿ ਕੱਲ੍ਹ ਕੋਰੋਨਾ ਟੀਕਾਕਰਨ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਨਾਲ ਹੀ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ। ਉੱਥੇ ਹੀ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਆਸਾਮ ਦੇ ਸਿਹਤ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕੋਰੋਨਾ ਵੈਕਸੀਨ ਲਗਵਾਈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਦੇਸ਼ੀ ਕੋਵੈਕਸੀਨ ਲਗਵਾ ਕੇ ਦੇਸ਼ ਵਿਚ ਕੋਰੋਨਾ ਟੀਕਾਕਰਨ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਦਿੱਲੀ ਵਿਖੇ ਏਮਸ ’ਚ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ।
ਦੱਸ ਦੇਈਏ ਕਿ ਸਰਕਾਰ ਨੇ ਐਲਾਨ ਕੀਤਾ ਸੀ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ 45 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ 1 ਮਾਰਚ ਨੂੰ ਕੋਰੋਨਾ ਵੈਕਸੀਨ ਰੋਧੀ ਟੀਕਾ ਸਰਕਾਰੀ ਕੇਂਦਰਾਂ ’ਤੇ ਮੁਫ਼ਤ ਲਾਇਆ ਜਾਵੇਗਾ। ਪ੍ਰਾਈਵੇਟ ਕਲੀਨਿਕ ਅਤੇ ਸੈਂਟਰਾਂ ਵਿਚ ਉਨ੍ਹਾਂ ਨੂੰ ਇਸ ਲਈ 250 ਰੁਪਏ ਫ਼ੀਸ ਦੇਣੀ ਹੋਵੇਗੀ।
ਦੇਸ਼ ਭਰ ’ਚ ਸੋਮਵਾਰ ਨੂੰ ਕਈ ਨਾਗਰਿਕਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ। ਉੱਥੇ ਹੀ ਲੱਖਾਂ ਲੋਕਾਂ ਨੇ ਸਰਕਾਰੀ ਕੋ-ਵਿਨ ਪਲੇਟਫਾਰਮ ’ਤੇ ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾਈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਮੁਤਾਬਕ 1 ਮਾਰਚ ਨੂੰ ਕੋ-ਵਿਨ ਪੋਰਟਲ ’ਤੇ ਟੀਕਾਕਰਨ ਲਈ 25 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ। ਇਨ੍ਹਾਂ ’ਚ 24.5 ਲੱਖ ਨਾਗਰਿਕ ਸ਼ਾਮਲ ਹਨ, ਜਦਕਿ ਬਾਕੀ ਸਿਹਤ ਕਾਮੇ ਅਤੇ ਫਰੰਟ ਲਾਈਨ ਵਰਕਰਜ਼ ਹਨ। ਕੇਂਦਰੀ ਸਿਹਤ ਮੰਤਰਾਲਾ ਮੁਤਾਬਕ 1 ਮਾਰਚ ਸੋਮਵਾਰ ਸ਼ਾਮ 7 ਵਜੇ ਤੱਕ 1,47,28,569 ਲੋਕਾਂ ਨੂੰ ਕੋਰੋਨਾ ਟੀਕਾ ਲਗਵਾਇਆ। ਦੱਸਣਯੋਗ ਹੈ ਕਿ ਦੇਸ਼ ਵਿਚ 16 ਜਨਵਰੀ ਨੂੰ ਕੋਰੋਨਾ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਪਹਿਲੇ ਪੜਾਅ ਵਿਚ ਸਿਹਤ ਕਾਮਿਆਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਦੀ ਖ਼ੁਰਾਕ ਦਿੱਤੀ ਗਈ।