ਅਕਤੂਬਰ ’ਚ ਬੱਚਿਆਂ ਦਾ ਕੋਵਿਡ ਟੀਕਾਕਰਣ ਹੋਵੇਗਾ ਸ਼ੁਰੂ !
Tuesday, Sep 21, 2021 - 11:20 AM (IST)
ਨਵੀਂ ਦਿੱਲੀ- ਇਸ ਮਹੀਨੇ ਦੇ ਅੰਤ ਤੱਕ ਬਾਲਗਾਂ ਨੂੰ ਕੋਵਿਡ ਵੈਕਸੀਨ ਦੀ 100 ਕਰੋਡ਼ ਖੁਰਾਕ ਦੇਣ ਦਾ ਟੀਚਾ ਪੂਰਾ ਕਰਨ ਤੋਂ ਬਾਅਦ ਕੇਂਦਰ ਦੀ ਯੋਜਨਾ 12 ਤੋਂ 17 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਣ ਸ਼ੁਰੂ ਕਰਨ ਦੀ ਹੈ। 18 ਸਾਲ ਤੋਂ ਘੱਟ ਉਮਰ ਦੇ 44 ਕਰੋਡ਼ ਬੱਚਿਆਂ ’ਚੋਂ ਪਹਿਲਾਂ 12 ਤੋਂ 17 ਸਾਲ ਦੇ ਬੱਚਿਆਂ ਨੂੰ ਵੈਕਸੀਨੇਸ਼ਨ ’ਚ ਪਹਿਲ ਦਿੱਤੀ ਜਾਵੇਗੀ।
ਕੋਵਿਡ ਟਾਸਕ ਫੋਰਸ ਦੇ ਚੇਅਰਮੈਨ ਪ੍ਰੋ. ਐੱਨ. ਕੇ. ਅਰੋੜਾ ਨੇ ਇਹ ਖੁਲਾਸਾ ਕਰਦੇ ਹੋਏ ਦੱਸਿਆ ਕਿ ਇਸ ਉਮਰ ਵਰਗ ਦੇ ਬੱਚਿਆਂ ਨੂੰ ਇਸ ਲਈ ਪਹਿਲ ਦਿੱਤੀ ਜਾਵੇਗੀ ਕਿਉਂਕਿ ਉਹ ਕੋਰੋਨਾ ਇਨਫੈਕਸ਼ਨ ਦੇ ਕਰੀਅਰ ਬਣ ਸਕਦੇ ਹਨ। ਭਾਵੇਂ ਹੀ ਸੀਰੋ ਸਰਵੇ ਨੇ ਇਹ ਸਾਬਤ ਕੀਤਾ ਹੈ ਕਿ ਕੋਰੋਨਾ ਤੋਂ ਪੀੜਤ ਹੋਣ ਵਾਲੇ ਬੱਚਿਆਂ ਦੀ ਗਿਣਤੀ ਬਾਲਗਾਂ ਨਾਲੋਂ ਜ਼ਿਆਦਾ ਨਹੀਂ ਹੈ ਪਰ ਹੁਣ ਉਨ੍ਹਾਂ ਨੂੰ ਵੀ ਵੈਕਸੀਨ ਲਗਾਏ ਜਾਣ ਦੀ ਜ਼ਰੂਰਤ ਹੈ, ਕਿਉਂਕਿ ਬਾਲਗਾਂ ’ਚੋਂ ਜ਼ਿਆਦਾਤਰ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਇਹ ਪੁੱਛੇ ਜਾਣ ’ਤੇ ਕਿ ਇਸ ਬਾਰੇ ਫੈਸਲਾ ਕਦੋਂ ਲਿਆ ਜਾਵੇਗਾ ਤਾਂ ਪ੍ਰੋ. ਅਰੋੜਾ ਨੇ ਕਿਹਾ, ‘‘ਇਸ ਬਾਰੇ ਕਿਸੇ ਵੀ ਵੇਲੇ ਐਲਾਨ ਹੋ ਸਕਦਾ ਹੈ।’’
ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ ਇਸ ਉਮਰ ਵਰਗ ਦੇ ਬੱਚਿਆਂ ਦਾ ਟੀਕਾਕਰਣ ਅਗਲੇ ਕੁਝ ਮਹੀਨਿਆਂ ’ਚ ਸ਼ੁਰੂ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਚਿਆਂ ’ਚ ਗੰਭੀਰ ਰੂਪ ’ਚ ਬੀਮਾਰ ਪੈਣ ਅਤੇ ਮੌਤ ਦਾ ਖ਼ਤਰਾ ਘੱਟ ਹੁੰਦਾ ਹੈ, ਇਸ ਲਈ ਸਾਡੀ ਪਹਿਲ ਪਹਿਲਾਂ ਮਾਤਾ-ਪਿਤਾ ਨੂੰ ਸੁਰੱਖਿਅਤ ਕਰਨ ਦੀ ਹੈ, ਜਿਸ ਦੇ ਨਾਲ ਬੱਚਿਆਂ ਨੂੰ ਖ਼ਤਰਾ ਆਪਣੇ-ਆਪ ਹੀ ਘੱਟ ਹੋ ਜਾਵੇਗਾ।
ਪ੍ਰੋ. ਅਰੋੜਾ ਨੇ ਕਿਹਾ ਕਿ ਜਿਹੜੇ ਬੱਚੇ ਇਕ ਤੋਂ ਜ਼ਿਆਦਾ ਬੀਮਾਰੀਆਂ ਤੋਂ ਪੀਡ਼ਤ ਹਨ ਜਾਂ ਇਸ ਦਾ ਖਦਸ਼ਾ ਹੈ, ਉਨ੍ਹਾਂ ਨੂੰ ਟੀਕਾਕਰਣ ’ਚ ਪਹਿਲ ਦਿੱਤੀ ਜਾਵੇਗੀ। ਸਰਕਾਰ ਦਾ ਅੰਦਾਜ਼ਾ ਹੈ ਕਿ 12 ਕਰੋਡ਼ ਬੱਚਿਆਂ ’ਚੋਂ 40 ਲੱਖ ਬੱਚਿਆਂ ਨੂੰ ਪਹਿਲ ਦਿੱਤੀ ਜਾਵੇਗੀ, ਜੋ ਇਕ ਤੋਂ ਜ਼ਿਆਦਾ ਬੀਮਾਰੀਆਂ ਤੋਂ ਪਡ਼ਿਤ ਹਨ। ਇਨ੍ਹਾਂ ਬੱਚਿਆਂ ਦਾ ਟੀਕਾਕਰਣ ਅਕਤੂਬਰ ਤੋਂ ਸ਼ੁਰੂ ਹੋ ਸਕਦਾ ਹੈ ਅਤੇ ਇਹ ਮੁਫਤ ਹੋ ਸਕਦਾ ਹੈ। ਜਾਇਡਸ ਕੈਡਿਲਾ ਦੀ ਵੈਕਸੀਨ ਜਾਇਕੋਵ-ਡੀ 12 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਲਈ ਭਾਰਤ ਦੀ ਪਹਿਲੀ ਵੈਕਸੀਨ ਹੋਵੇਗੀ।