ਤੁਹਾਡੇ ਘਰ ਨੇੜੇ ਕਿੱਥੇ-ਕਿੱਥੇ ਲੱਗ ਰਿਹੈ ਕੋਰੋਨਾ ਦਾ ਟੀਕਾ, ਇੰਝ ਲਗਾ ਸਕਦੇ ਹੋ ਪਤਾ
Saturday, Mar 20, 2021 - 02:09 PM (IST)
ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਟੀਕਾਕਰਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਨਾਲ ਹੀ ਹੁਣ ਨਿੱਜੀ ਹਸਪਤਾਲਾਂ ਨੂੰ ਵੀ ਕੋਰੋਨਾ ਟੀਕਾ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ CoWin ਪੋਰਟਲ ਅਤੇ ਆਰੋਗਿਆ ਸੇਤੁ ਐਪ ਰਾਹੀਂ ਕੋਰੋਨਾ ਟੀਕਾ ਲਈ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਿਆ ਹੈ। ਉਂਝ ਤਾਂ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਤੁਹਾਡੇ ਫੋਨ ’ਤੇ ਟੀਕਾਕਰਨ ਕੇਂਦਰ ਅਤੇ ਸਮੇਂ ਦੀ ਜਾਣਕਾਰੀ ਆ ਹੀ ਜਾਂਦੀ ਹੈ ਪਰ ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਨੇੜੇ ਕਿੱਥੇ ਕੋਰੋਨਾ ਟੀਕਾਕਰਨ ਕੇਂਦਰ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ।
‘ਮੈਪ ਮਾਈ ਇੰਡੀਆ’ (MapmyIndia) ਨੇ ਆਪਣੇ ਮੈਪ ਲਈ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ ਜਿਸ ਤੋਂ ਬਾਅਦ ‘ਮੈਪ ਮਾਈ ਇੰਡੀਆ’ ’ਤੇ ਹੀ ਜਾਣ ਸਕੋਗੇ ਕਿ ਤੁਹਾਡੇ ਘਰ ਦੇ ਨੇੜੇ ਕਿੱਥੇ ਕੋਰੋਨਾ ਦਾ ਟੀਕਾ ਲੱਗ ਰਿਹਾ ਹੈ। ਡਾਟਾ ਲਈ ਮੈਪ ਮਾਈ ਇੰਡੀਆ ਨੇ CoWin ਪੋਰਟਲ ਨਾਲ ਸਾਂਝੇਦਾਰੀ ਕੀਤੀ ਹੈ। ਦੱਸ ਦੇਈਏ ਕਿ ਮੈਪ ਮਾਈ ਇੰਡੀਆ ਇਕ ਮੇਡ ਇਨ ਇੰਡੀਆ ਮੈਪਿੰਗ ਐਪ ਅਤੇ ਪੋਰਟਲ ਹੈ ਜਿਸ ਦਾ ਮੁਕਾਬਲਾ ਗੂਗਲ ਮੈਪਸ ਅਤੇ ਐਪਲ ਮੈਪ ਨਾਲ ਹੈ।
MapmyIndia ’ਤੇ ਇੰਝ ਲੱਭੋ ਕੋਰੋਨਾ ਟੀਕਾਕਰਨ ਕੇਂਦਰ
- ਸਭ ਤੋਂ ਪਹਿਲਾਂ ਆਪਣੇ ਫੋਨ ’ਚ MapmyIndia Move ਐਪ ਨੂੰ ਡਾਊਨਲੋਡ ਕਰੋ ਜਾਂ ਫਿਰ MapmyIndia ਦੀ ਵੈੱਬਸਾਈਟ ’ਤੇ ਜਾਓ।
- ਇਸ ਤੋਂ ਬਾਅਦ ਲਾਗ-ਇਨ ਕਰੋ।
- ਇਸ ਤੋਂ ਬਾਅਦ ਸਰਚ ਬਾਕਸ ’ਚ Current location ਦੇ ਟੈਪ ’ਤੇ ਕਲਿੱਕ ਕਰੋ ਜਾਂ ਫਿਰ ਆਪਣਾ ਐਡਰੈੱਸ ਭਰੋ।
- ਹੁਣ ਖੱਬੇ ਪਾਸੇ ਵਿਖਾਈ ਦੇ ਰਹੇ ‘ਵੈਕਸੀਨੇਸ਼ਨ ਸੈਂਟਰ’ ਦੇ ਆਪਸ਼ਨ ’ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਨੂੰ ਕੋਰੋਨਾ ਵੈਕਸੀਨ ਦੇ ਲੋਗੋ ਦੇ ਨਾਲ ਤੁਹਾਨੂੰ ਨਜ਼ਦੀਕੀ ਕੋਰੋਨਾ ਟੀਕਾਕਰਨ ਕੇਂਦਰ ਦੀ ਜਾਣਕਾਰੀ ਮਿਲ ਜਾਵੇਗੀ।
ਜ਼ਿਕਰਯੋਗ ਹੈ ਕਿ ਦੇਸ਼ ’ਚ ਕੋਰੋਨਾ ਟੀਕਾਕਰਨ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਾ ਹੈ। ਇਸ ਪੜਾਅ ’ਚ 60 ਸਾਲਾਂ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ 45 ਤੋਂ 60 ਸਾਲਾਂ ਤਕ ਦੇ ਉਮਰ ਦੇ ਅਜਿਹੇ ਲੋਕਾਂ ਨੂੰ ਵੀ ਟੀਕਾ ਲਗਾਇਆ ਜਾਵੇਗਾ ਜੋ ਗੰਭੀਰ ਬੀਮਾਰੀਆਂ ਨਾਲ ਪੀੜਤ ਹਨ। ਟੀਕਾਕਰਨ ਦੇ ਰਜਿਸਟ੍ਰੇਸ਼ਨ ਅਤੇ ਤੁਹਾਨੂੰ ਆਪਣੇ ਨਾਲ ਪਛਾਣ ਪੱਤਰ ਰੱਖਣਾ ਹੋਵੇਗਾ।