ਕੋਰੋਨਾ ਬਣਿਆ ਵੱਡੀ ਆਫਤ! ਦੇਸ਼ ''ਚ ਅੱਧੇ ਤੋਂ ਜ਼ਿਆਦਾ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ
Sunday, Apr 05, 2020 - 02:03 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਭਾਰਤ ਲਈ ਇਕ ਵੱਡੀ ਆਫਤ ਬਣ ਕੇ ਉੱਭਰਿਆ ਹੈ। ਦੇਸ਼ 'ਚ ਹੁਣ ਤਕ ਮਿਲੇ ਕੋਰੋਨਾ ਵਾਇਰਸ ਪੀੜਤਾਂ 'ਚ ਅੱਧੇ ਤੋਂ ਜ਼ਿਆਦਾ 40 ਸਾਲ ਤੋਂ ਘੱਟ ਉਮਰ ਦੇ ਹਨ। 42 ਫੀਸਦੀ ਪੀੜਤ 21 ਤੋਂ 40 ਸਾਲ ਦੇ ਹਨ। 9 ਫੀਸਦੀ ਦੀ ਉਮਰ 20 ਸਾਲ ਤਕ ਹੈ। ਹਾਲਾਂਕਿ ਜਿਨ੍ਹਾਂ 75 ਲੋਕਾਂ ਦੀ ਮੌਤ ਹੋਈ ਹੈ, ਉਸ ਵਿਚ ਜ਼ਿਆਦਾਤਰ 60 ਸਾਲ ਤੋਂ ਵਧ ਦੀ ਉਮਰ ਦੇ ਸਨ। ਉਨ੍ਹਾਂ ਨੂੰ ਸ਼ੂਗਰ, ਕਿਡਨੀ ਸਮੱਸਿਆ, ਦਿਲ, ਹਾਈ ਬਲੱਡ ਪ੍ਰੈੱਸ਼ਰ ਵਰਗੇ ਰੋਗ ਪਹਿਲਾਂ ਤੋਂ ਸਨ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆ ਭਰ 'ਚ ਕੋਰੋਨਾ ਵਾਇਰਸ 0-6 ਅਤੇ 60 ਜਾਂ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ 'ਚ ਸਭ ਤੋਂ ਖਤਰਨਾਕ ਦਿਖਾਈ ਦੇ ਰਿਹਾ ਹੈ। ਜਦਕਿ ਕੇਂਦਰੀ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਮੁਤਾਬਕ ਦੇਸ਼ ਵਿਚ 33 ਫੀਸਦੀ ਮਰੀਜ਼ 41 ਤੋਂ 60 ਸਾਲ ਦੀ ਉਮਰ ਦੇ ਹਨ, ਜੋ ਦੂਜਾ ਵੱਡਾ ਸਮੂਹ ਹੈ। 17 ਫੀਸਦੀ 60 ਸਾਲ ਤੋਂ ਵਧੇਰੇ ਉਮਰ ਦੇ ਹਨ। ਮੰਤਰਾਲਾ ਮੁਤਾਬਕ ਫਿਲਹਾਲ 58 ਮਰੀਜ਼ਾਂ ਦੀ ਹਾਲਤ ਬੇਹੱਦ ਗੰਭੀਰ ਹੈ। ਇਨ੍ਹਾਂ 'ਚ ਜ਼ਿਆਦਾਤਰ ਦੀ ਉਮਰ 60 ਸਾਲ ਤੋਂ ਜ਼ਿਆਦਾ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਕਈ ਰੋਗਾਂ ਨੇ ਘੇਰਿਆ ਹੈ।
ਨਾ ਕਰੋ ਮਨਮਰਜ਼ੀਆਂ—
ਕੋਰੋਨਾ ਵਾਇਰਸ ਕਾਰਨ ਹੁਣ ਹਰ ਉਮਰ ਦੇ ਲੋਕ ਜਾਨ ਗਵਾ ਰਹੇ ਹਨ। ਕੁਝ ਦੇਸ਼ਾਂ 'ਚ 20 ਤੋਂ 50 ਸਾਲ ਦੇ ਲੋਕ ਵੀ ਜਾਨ ਗਵਾ ਰਹੇ ਹਨ। ਬ੍ਰਿਟੇਨ-ਅਮਰੀਕਾ 'ਚ ਬੱਚਿਆਂ ਦੀ ਵੀ ਮੌਤ ਹੋਈ ਹੈ। ਘੱਟ ਉਮਰ ਵਿਚ ਵਾਇਰਸ ਜ਼ਿਆਦਾ ਖਤਰਨਾਕ ਅਤੇ ਜਾਨਲੇਵਾ ਸਾਬਤ ਹੋਵੇਗਾ ਅਤੇ ਹੋ ਰਿਹਾ ਹੈ।
ਸਿਰਫ ਬਜ਼ੁਰਗਾਂ ਹੀ ਨਹੀਂ ਸਗੋਂ ਨੌਜਵਾਨਾਂ ਲਈ ਵੀ ਖਤਰਨਾਕ—
ਮੰਨਿਆ ਜਾ ਰਿਹਾ ਹੈ ਕਿ ਬਜ਼ੁਰਗਾਂ ਦੀ ਮੌਤ ਰੋਗ ਪ੍ਰਤੀਰੋਧਕ ਸਮਰੱਥਾ (ਇਮਿਊਨਿਟੀ ਸਿਸਟਮ) ਘੱਟ ਹੋਣ ਕਾਰਨ ਹੋਈ ਪਰ ਵਾਇਰਸ ਨੌਜਵਾਨਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਬਜ਼ੁਰਗਾਂ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : 'ਕੋਵਿਡ-19' ਨੂੰ ਹੁਣ ਹਰਾਉਣਾ ਹੋਵੇਗਾ ਆਸਾਨ, ਇਕ ਘੰਟੇ 'ਚ ਆਵੇਗਾ ਨਤੀਜਾ