Covid-19: 42 ਦਿਨਾਂ ਤੋਂ ਹਸਪਤਾਲ 'ਚ ਹੋਣ 'ਤੇ ਵੀ ਮਹਿਲਾ 19ਵੀਂ ਵਾਰ ਨਿਕਲੀ ਪਾਜ਼ੀਟਿਵ
Tuesday, Apr 21, 2020 - 08:09 PM (IST)

ਤਿਰੂਵਨੰਤਪੁਰ— ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵਿਸ਼ਵ ਭਰ 'ਚ ਹਫੜਾ-ਦਫੜੀ ਹੈ। ਇਸ ਵਿਚਕਾਰ ਕੇਰਲ ਦੇ ਪਥਨਮਥਿੱਟਾ ਦੀ ਇਕ 62 ਸਾਲਾ ਮਹਿਲਾ ਲਗਾਤਾਰ 19ਵੀਂ ਵਾਰ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਹੈ, ਜਿਸ ਕਾਰਨ ਕੋਵਿਡ-19 ਖਿਲਾਫ ਪੂਰੀ ਤਾਕਤ ਨਾਲ ਲੜ ਰਹੇ ਡਾਕਟਰਾਂ ਦੀ ਚਿੰਤਾ ਹੋਰ ਵੱਧ ਗਈ ਹੈ। ਮਹਿਲਾ ਪਿਛਲੇ 42 ਦਿਨਾਂ ਤੋਂ ਹਸਪਤਾਲ 'ਚ ਹੈ।
ਪਥਨਮਥਿੱਟਾ ਜ਼ਿਲ੍ਹਾ ਮੈਡੀਕਲ ਅਧਿਕਾਰੀ ਡਾ. ਐੱਨ. ਸ਼ੀਜਾ ਮੁਤਾਬਕ, 62 ਸਾਲ ਮਹਿਲਾ ਇਟਲੀ ਤੋਂ ਵਾਪਸ ਆਏ ਇਕ ਪਰਿਵਾਰ ਨਾਲ ਸੰਪਰਕ 'ਚ ਆਉਣ 'ਤੇ ਸੰਕਰਮਣ ਦਾ ਸ਼ਿਕਾਰ ਹੋਈ ਸੀ ਅਤੇ 19 ਟੈਸਟਾਂ ਤੋਂ ਬਾਅਦ ਵੀ ਇਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਸ 'ਚ ਲੱਛਣ ਵੀ ਖਾਸ ਨਹੀਂ ਹਨ। ਡਾ. ਐੱਨ. ਸ਼ੀਜਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੰਬੰਧੀ ਸੂਬੇ ਦੇ ਮੈਡੀਕਲ ਬੋਰਡ ਦੀ ਸਲਾਹ ਮੰਗੀ ਹੈ। ਇਹ ਮਹਿਲਾ 10 ਮਾਰਚ ਤੋਂ ਹਸਪਤਾਲ 'ਚ ਦਾਖਲ ਹੈ। ਇਟਲੀ ਦੇ ਜਿਸ ਪਰਿਵਾਰ ਤੋਂ ਇਸ ਮਹਿਲਾ ਨੂੰ ਕੋਵਿਡ-19 ਹੋਇਆ, ਉਸ ਪਰਿਵਾਰ ਤੋਂ 8 ਹੋਰ ਵੀ ਸੰਕ੍ਰਮਿਤ ਹੋਏ ਹਨ।
ਮਹਿਲਾ ਦਾ ਇਲਾਜ ਕਰਨ ਵਾਲੇ ਡਾਕਟਰਾਂ 'ਚੋਂ ਇਕ ਨੇ ਕਿਹਾ ਕਿ ਉਸ ਨੂੰ ਹੁਣ ਦੂਜੀ ਕੋਈ ਸਿਹਤ ਸਮੱਸਿਆ ਨਹੀਂ ਹੈ। ਹਾਲਾਂਕਿ, ਉਹ ਐਸਿਪਟੋਮੈਟਿਕ (ਜਿਸ 'ਚ ਕੋਈ ਲੱਛਣ ਨਾ ਦਿਸਦਾ ਹੋਵੇ) ਹੈ ਅਤੇ ਇਸ ਤੋਂ ਬਿਮਾਰੀ ਦੂਜਿਆਂ 'ਚ ਟਰਾਂਸਫਰ ਹੋ ਸਕਦੀ ਹੈ।
ਉੱਥੇ ਹੀ ਡਾਕਟਰਾਂ ਦੀ ਚਿੰਤਾ ਇਸ ਨੂੰ ਲੈ ਕੇ ਵੀ ਵੱਧ ਗਈ ਹੈ ਕਿ ਕਈ ਲੋਕਾਂ 'ਚ ਕੋਰੋਨਾ ਵਾਇਰਸ ਬੜੀ ਦੇਰ ਨਾਲ ਦਿਖਾਈ ਦਿੱਤਾ ਹੈ। ਕੋਝੀਕੋਡ 'ਚ ਇਕ ਸ਼ਖਸ ਜੋ ਦੁਬਾਈ ਤੋਂ 18 ਮਾਰਚ ਨੂੰ ਵਾਪਸ ਪਰਤਿਆ, ਉਹ ਘੱਟੋ-ਘੱਟ 29 ਦਿਨਾਂ ਬਾਅਦ ਪਾਜ਼ੀਟਿਵ ਨਿਕਲਿਆ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਕੁਆਰੰਟੀਨ ਲਈ 14 ਦਿਨਾਂ ਦੀ ਗਾਈਡਲਾਈਨ ਨਿਰਧਾਰਤ ਕੀਤੀ ਹੈ, ਜਦੋਂ ਕਿ ਕੇਰਲ ਨੇ ਇਸ ਨੂੰ ਵਧਾ ਕੇ 28 ਦਿਨ ਕਰ ਦਿੱਤਾ ਹੈ ਤਾਂ ਕਿ ਇਸ ਦੀ ਪੁਸ਼ਟੀ ਯਕੀਨੀ ਹੋ ਸਕੇ। ਇਸ ਦਾ ਕਾਰਨ ਹੈ ਕਿ ਪਥਨਮਥਿੱਟਾ 'ਚ ਇਕ ਵਿਦਿਅਰਥਣ ਵੀ ਯਾਤਰਾ ਦੇ 29 ਦਿਨਾਂ ਮਗਰੋਂ ਪਾਜ਼ੀਟਿਵ ਪਾਈ ਗਈ ਸੀ, ਇਹ ਲੜਕੀ ਵੀ ਉਸ ਡੱਬੇ 'ਚ ਸੀ ਜਿਸ 'ਚ ਕੁਝ ਤਬਲੀਗੀ ਜਮਾਤ ਦੇ ਯਾਤਰਾ ਕਰ ਰਹੇ ਸੀ। ਨਿਗਰਾਨੀ ਦੌਰਾਨ ਉਸ 'ਚ ਕੋਈ ਲੱਛਣ ਨਹੀਂ ਦਿਖਾਈ ਦਿੱਤਾ ਪਰ ਜਦੋਂ ਉਸ ਦਾ ਨਿਗਰਾਨੀ ਸਮਾਂ ਖਤਮ ਹੋਣ ਵਾਲਾ ਸੀ ਉਹ ਪਾਜ਼ੀਟਿਵ ਨਿਕਲੀ। ਡਾਕਟਰਾਂ ਨੇ ਕਿਹਾ ਕਿ 6 ਅਪ੍ਰੈਲ ਨੂੰ ਟੈਸਟ ਤੋਂ ਬਾਅਦ ਵੀ ਉਹ ਐਸਿਪਟੋਮੈਟਿਕ ਸੀ। ਜ਼ਿਕਰਯੋਗ ਹੈ ਕਿ ਕੇਰਲ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ 'ਚ ਸਭ ਤੋਂ ਬਿਹਤਰ ਸੂਬਾ ਸਾਬਤ ਹੋ ਰਿਹਾ ਹੈ। ਇਹ ਬਾਕੀ ਸੂਬਿਆਂ ਦੇ ਮੁਕਾਬਲੇ ਕੋਰੋਨਾ ਸੰਕਟ ਨਾਲ ਬਹੁਤ ਵਧੀਆ ਢੰਗ ਨਾਲ ਨਜਿੱਠ ਰਿਹਾ ਹੈ। ਕੇਰਲ 'ਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਰਿਕਵਰੀ ਦੀ ਦਰ 67 ਫੀਸਦੀ ਹੈ, ਜਦੋਂ ਕਿ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਦਰ ਸਿਰਫ 0.5 ਫੀਸਦੀ ਹੈ।