ਕੋਵਿਡ-19 : ਭਾਰਤ ''ਚ ਇਕ ਦਿਨ ''ਚ ਕੋਰੋਨਾ ਦੇ ਰਿਕਾਰਡ 4.20 ਲੱਖ ਨਮੂਨਿਆਂ ਦੀ ਜਾਂਚ

07/25/2020 5:13:43 PM

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨੇ ਕੋਵਿਡ-19 ਜਾਂਚ ਸਮਰੱਥਾ 'ਚ ਹੌਲੀ-ਹੌਲੀ ਵਾਧਾ ਕਰਦੇ ਹੋਏ ਇਕ ਦਿਨ 'ਚ ਸਭ ਤੋਂ ਵੱਧ 4.20 ਲੱਖ ਜਾਂਚ ਦਾ ਰਿਕਾਰਡ ਬਣਾਇਆ। ਮੰਤਰਾਲੇ ਅਨੁਸਾਰ, ਪ੍ਰਯੋਗਸ਼ਾਲਾਵਾਂ ਦੀ ਗਿਣਤੀ 'ਚ ਵਾਧੇ ਕਾਰਨ ਇੰਨੀ ਜਾਂਚ ਕਰਨਾ ਮੁਮਕਿਨ ਹੋ ਸਕਿਆ। ਭਾਰਤ 'ਚ ਜਨਵਰੀ 'ਚ ਕੋਵਿਡ-19 ਦੀ ਜਾਂਚ ਲਈ ਸਿਰਫ਼ ਇਕ ਪ੍ਰਯੋਗਸ਼ਾਲਾ ਸੀ ਪਰ ਹੁਣ ਇਨ੍ਹਾਂ ਦੀ ਗਿਣਤੀ ਵੱਧ ਕੇ 1,301 ਹੋ ਚੁਕੀ ਹੈ, ਜਿਨ੍ਹਾਂ 'ਚ ਨਿੱਜੀ ਪ੍ਰਯੋਗਸ਼ਾਲਾਵਾਂ ਵੀ ਸ਼ਾਮਲ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਆਈ.ਸੀ.ਐੱਮ.ਆਰ. ਦੇ ਸੋਧ ਦਿਸ਼ਾ-ਨਿਰਦੇਸ਼ਾਂ ਅਤੇ ਸੂਬਿਆਂ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੇ ਵੀ ਵੱਡੇ ਪੈਮਾਨੇ 'ਤੇ ਜਾਂਚ 'ਚ ਮਦਦ ਕੀਤੀ। ਦੇਸ਼ 'ਚ ਸ਼ੁੱਕਰਵਾਰ ਤੱਕ ਕੋਵਿਡ-19 ਲਈ ਕੁੱਲ 1,58,49,068 ਜਾਂਚ ਕੀਤੀ ਜਾ ਚੁਕੀ ਹੈ।

ਮੰਤਰਾਲੇ ਨੇ ਕਿਹਾ ਕਿ ਭਾਰਤ ਬੀਤੇ ਕਰੀਬ ਇਕ ਹਫ਼ਤੇ ਤੋਂ ਰੋਜ਼ਾਨਾ 3.50 ਲੱਖ ਜਾਂਚ ਕਰ ਰਿਹਾ ਹੈ। ਮੰਤਰਾਲੇ ਅਨੁਸਾਰ, ਬੀਤੇ 24 ਘੰਟਿਆਂ ਦੌਰਾਨ ਕੀਤੀ ਗਈ 4,20,898 ਜਾਂਚ ਕਾਰਨ ਦੇਸ਼ 'ਚ ਪ੍ਰਤੀ 10 ਲੱਖ ਵਿਅਕਤੀਆਂ 'ਤੇ ਜਾਂਚ ਦਾ ਅੰਕੜਾ 11,485 ਹੋ ਗਿਆ ਹੈ ਅਤੇ ਇਸ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੰਤਰਾਲੇ ਨੇ ਕਿਹਾ,''ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ 'ਚੋਂ ਹੈ, ਜਿੱਥੇ ਮੌਤ ਦਰ ਸਭ ਤੋਂ ਘੱਟ ਹੈ।'' ਉਸ ਨੇ ਕਿਹਾ ਕਿ ਮੌਤ ਦਰ 'ਚ ਗਿਰਾਵਟ ਦਿਖਾਉਂਦੀ ਹੈ ਕਿ ਕੇਂਦਰ, ਰਾਜ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀ ਸਮੂਹਕ ਕੋਸ਼ਿਸ਼ ਦਾ ਅਸਰ ਹੋਇਆ ਹੈ। ਦੇਸ਼ 'ਚ ਹੁਣ ਤੱਕ ਕੋਵਿਡ-19 ਦੇ 8,49,431 ਮਰੀਜ਼ ਠੀਕ ਹੋ ਚੁਕੇ ਹਨ। ਠੀਕ ਹੋ ਚੁਕੇ ਲੋਕਾਂ ਦੀ ਗਿਣਤੀ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ ਤੋਂ 3,93,360 ਵੱਧ ਹੈ। ਭਾਰਤ 'ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਹਾਲਾਂਕਿ ਸ਼ਨੀਵਾਰ ਨੂੰ 48,916 ਨਵੇਂ ਮਰੀਜ਼ਾਂ ਦੇ ਮਿਲਣ ਦੇ ਨਾਲ ਹੀ 13 ਲੱਖ ਦੇ ਪਾਰ ਪਹੁੰਚ ਗਈ। 2 ਦਿਨ ਪਹਿਲਾਂ ਹੀ ਮਰੀਜ਼ਾਂ ਦੀ ਗਿਣਤੀ 12 ਲੱਖ ਦੇ ਪਾਰ ਪਹੁੰਚੀ ਸੀ। ਦੇਸ਼ 'ਚ ਇਸ ਮਹਾਮਾਰੀ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੱਧ ਕੇ 31,358 ਹੋ ਗਈ ਹੈ।
 


DIsha

Content Editor

Related News