ਬਿਹਾਰ ਤੋਂ ਵੱਡੀ ਖ਼ਬਰ ; JDU ਦੇ ਵਿਧਾਇਕ ਤੇ ਭਰਾ ਖ਼ਿਲਾਫ਼ ਅਦਾਲਤ ਨੇ ਜਾਰੀ ਕੀਤਾ ਵਾਰੰਟ
Sunday, Apr 12, 2026 - 05:37 PM (IST)
ਨੈਸ਼ਨਲ ਡੈਸਕ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਕੁਚਾਏਕੋਟ ਤੋਂ ਜਨਤਾ ਦਲ ਯੂਨਾਈਟਿਡ (JDU) ਦੇ ਵਿਧਾਇਕ ਅਮਰਿੰਦਰ ਪਾਂਡੇ ਉਰਫ਼ ਪੱਪੂ ਪਾਂਡੇ ਅਤੇ ਉਨ੍ਹਾਂ ਦੇ ਵੱਡੇ ਭਰਾ ਸਤੀਸ਼ ਪਾਂਡੇ ਖ਼ਿਲਾਫ਼ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਇਹ ਕਾਰਵਾਈ ਜ਼ਮੀਨੀ ਵਿਵਾਦ ਦੇ ਇੱਕ ਮਾਮਲੇ ਵਿੱਚ ਬਾਹੁਬਲੀਆਂ ਨੂੰ ਸਰਪ੍ਰਸਤੀ ਦੇਣ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ।
ਗੋਪਾਲਗੰਜ ਦੇ ਪੁਲਸ ਸੁਪਰਡੈਂਟ ਵਿਨੈ ਤਿਵਾਰੀ ਅਨੁਸਾਰ, ਕੁਚਾਏਕੋਟ ਥਾਣੇ ਵਿੱਚ ਦਰਜ ਕੇਸ ਨੰਬਰ 161/26 ਵਿੱਚ ਵਿਧਾਇਕ ਅਤੇ ਉਨ੍ਹਾਂ ਦੇ ਭਰਾ ਦਾ ਨਾਮ ਸਾਜ਼ਿਸ਼ਕਰਤਾ ਵਜੋਂ ਸਾਹਮਣੇ ਆਇਆ ਹੈ। ਅਦਾਲਤ ਨੇ ਵਿਧਾਇਕ ਅਮਰਿੰਦਰ ਪਾਂਡੇ, ਉਨ੍ਹਾਂ ਦੇ ਭਰਾ ਸਤੀਸ਼ ਪਾਂਡੇ ਅਤੇ ਰਾਹੁਲ ਤਿਵਾਰੀ ਖ਼ਿਲਾਫ਼ ਵਾਰੰਟ ਜਾਰੀ ਕੀਤਾ ਹੈ।
ਇਹ ਪੂਰਾ ਮਾਮਲਾ ਜ਼ਮੀਨੀ ਵਿਵਾਦ ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਵਿਧਾਇਕ ਅਤੇ ਉਨ੍ਹਾਂ ਦੇ ਭਰਾ ਨੇ ਇਸ ਵਿਵਾਦ ਵਿੱਚ ਅਪਰਾਧਿਕ ਅਨਸਰਾਂ ਨੂੰ ਸ਼ਹਿ ਦਿੱਤੀ ਅਤੇ ਮਾਮਲੇ ਨੂੰ ਉਲਝਾਉਣ ਦੀ ਸਾਜ਼ਿਸ਼ ਰਚੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਦਾਲਤ ਤੋਂ ਵਾਰੰਟ ਪ੍ਰਾਪਤ ਹੁੰਦੇ ਹੀ ਪੁਲਿਸ ਟੀਮਾਂ ਸਰਗਰਮ ਹੋ ਗਈਆਂ ਹਨ। ਵਿਧਾਇਕ ਅਤੇ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
