ਅਦਾਲਤ ਤੋਂ ਫਰਾਰ ਦੋਸ਼ੀ ਪੁਲਸ ਨੇ ਕੀਤਾ ਗ੍ਰਿਫ਼ਤਾਰ
Friday, Oct 02, 2026 - 05:20 PM (IST)
ਡੇਰਾਬੱਸੀ (ਅਨਿਲ ਸ਼ਰਮਾ) : ਡੇਰਾਬੱਸੀ ਪੁਲਸ ਨੇ ਅਦਾਲਤ ਤੋਂ ਫਰਾਰ ਹੋਏ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮੁੜ ਅਦਾਲਤ ਵਿਚ ਪੇਸ਼ ਕੀਤਾ। ਪੁਲਸ ਅਨੁਸਾਰ ਥਾਣਾ ਡੇਰਾਬੱਸੀ ਵਿਚ ਦਰਜ ਮੁਕੱਦਮਾ ਨੰਬਰ 2, ਮਿਤੀ 4 ਜਨਵਰੀ 2021, ਧਾਰਾ 379 ਅਤੇ 411 ਆਈ.ਪੀ.ਸੀ. ਦੇ ਮਾਮਲੇ ਵਿਚ ਦੋਸ਼ੀ ਗੋਲਡੀ ਪੁੱਤਰ ਰਾਮ ਸ਼ਰਨ, ਵਾਸੀ ਪੁਰਾਣੀ ਪਾਣੀ ਦੀ ਟੈਂਕੀ ਨੇੜੇ, ਪੰਡਵਾਲਾ ਮੋੜ, ਮੁਬਾਰਿਕਪੁਰ, ਨੂੰ 18 ਸਤੰਬਰ 2026 ਨੂੰ ਮਾਨਯੋਗ ਅਦਾਲਤ ਡੇਰਾਬੱਸੀ ਵੱਲੋਂ ਦੋ ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਪੁਲਸ ਮੁਤਾਬਕ ਸਜ਼ਾ ਸੁਣਾਏ ਜਾਣ ਤੋਂ ਬਾਅਦ ਗੋਲਡੀ ਅਦਾਲਤ ਵਿਚੋਂ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਲਈ ਅਦਾਲਤ ਵੱਲੋਂ 3 ਅਕਤੂਬਰ 2026 ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ।
ਇਸ ਤੋਂ ਬਾਅਦ ਸਥਾਨਕ ਪੁਲਸ ਨੇ ਦੋਸ਼ੀ ਦੀ ਭਾਲ ਲਈ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਉਸ ਨੂੰ 1 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨੂੰ 2 ਅਕਤੂਬਰ ਨੂੰ ਡੇਰਾਬੱਸੀ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਦੇ ਹੁਕਮਾਂ ਅਨੁਸਾਰ ਦੋਸ਼ੀ ਨੂੰ ਸੈਂਟਰਲ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਹੈ।
