ਕੋਰਟ ਨੇ ਗੂਗਲ ਤੋਂ ਮੰਗਿਆ ਜਵਾਬ, ਜਾਣੋ ਕੀ ਹੈ ਪੂਰਾ ਮਾਮਲਾ

Friday, Nov 29, 2024 - 06:06 PM (IST)

ਕੋਰਟ ਨੇ ਗੂਗਲ ਤੋਂ ਮੰਗਿਆ ਜਵਾਬ, ਜਾਣੋ ਕੀ ਹੈ ਪੂਰਾ ਮਾਮਲਾ

ਮੁੰਬਈ (ਭਾਸ਼ਾ)- ਮੁੰਬਈ ਦੀ ਇਕ ਅਦਾਲਤ ਨੇ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਯੂ-ਟਿਊਬ 'ਤੇ ਇਕ ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ.) ਅਤੇ ਅਧਿਆਤਮਿਕ ਨੇਤਾ ਦੇ ਖ਼ਿਲਾਫ਼ ਪੋਸਟ ਕੀਤੇ ਗਏ ਅਪਮਾਨਜਨਕ ਅਤੇ ਅਸ਼ਲੀਲ ਵੀਡੀਓ ਨੂੰ ਕਥਿਤ ਤੌਰ 'ਤੇ ਨਾ ਹਟਾਉਣ ਲਈ ਗੂਗਲ ਨੂੰ ਨੋਟਿਸ ਜਾਰੀ ਕੀਤਾ ਹੈ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਬੈਲਾਰਡ ਅਸਟੇਟ) ਏ ਯੂ ਬਹਿਰ ਨੇ ਪਿਛਲੇ ਹਫ਼ਤੇ ਗ਼ੈਰ-ਸਰਕਾਰੀ ਸੰਗਠਨ (ਐੱਨ.ਜੀ.ਓ.) ਵਲੋਂ ਦਾਇਰ ਕੀਤੀ ਗਈ ਮਾਣਹਾਨੀ ਪਟੀਸ਼ਨ 'ਤੇ ਗੂਗਲ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 3 ਜਨਵਰੀ 2025 ਨੂੰ ਹੋਵੇਗੀ। ਜਾਨਵਰਾਂ ਦੀ ਭਲਾਈ ਨੂੰ ਸਮਰਪਿਤ ਹੋਣ ਦਾ ਦਾਅਵਾ ਕਰਨ ਵਾਲੀ ਇਕ ਐੱਨਜੀਓ ਧਿਆਨ ਫਾਊਂਡੇਸ਼ਨ ਨੇ ਕਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਅਤੇ ਅਧਿਆਤਮਕ ਆਗੂ ਯੋਗੀ ਅਸ਼ਵਨੀ ਦੇ ਖ਼ਿਲਾਫ਼ ਇਕ ਯੂਟਿਊਬ ਵੀਡੀਓ ਦਾ ਲਿੰਕ ਪ੍ਰਸਾਰਿਤ ਕੀਤਾ ਹੈ।

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਤਰਾਜ਼ਯੋਗ ਸਮੱਗਰੀ ਨੂੰ ਵਿਆਪਕ ਤੌਰ 'ਤੇ ਸਾਂਝਾ ਕੀਤਾ ਗਿਆ ਸੀ ਅਤੇ ਐੱਨਜੀਓ ਅਤੇ ਯੋਗੀ ਅਸ਼ਵਨੀ ਦੇ ਅਕਸ ਨੂੰ ਖ਼ਰਾਬ ਕੀਤਾ ਗਿਆ। ਆਪਣੀ ਮਾਣਹਾਨੀ ਪਟੀਸ਼ਨ 'ਚ ਐੱਨਜੀਓ ਨੇ ਕਿਹਾ ਕਿ ਬਾਂਬੇ ਹਾਈ ਕੋਰਟ ਨੇ ਉਸ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ ਅਤੇ ਯੂ-ਟਿਊਬ ਨੂੰ 31 ਮਾਰਚ 2024 ਨੂੰ ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਸੀ। ਹਾਲਾਂਕਿ, ਵੀਡੀਓ ਅਜੇ ਵੀ ਭਾਰਤ ਤੋਂ ਬਾਹਰ ਯੂ-ਟਿਊਬ 'ਤੇ ਦਿਖਾਈ ਦੇ ਰਿਹਾ ਹੈ ਅਤੇ ਹਰ ਕੋਈ ਇਸ ਨੂੰ ਦੇਖ ਸਕਦਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਗੂਗਲ ਨੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਜਾਣਬੁੱਝ ਕੇ ਵੀਡੀਓ ਨੂੰ ਨਹੀਂ ਹਟਾਇਆ। ਐੱਨਜੀਓ ਦੇ ਵਕੀਲ ਰਾਜੂ ਗੁਪਤਾ ਨੇ ਅਦਾਲਤ ਦੇ ਸਾਹਮਣੇ ਦਲੀਲ ਦਿੱਤੀ, "ਧਿਆਨ ਫਾਉਂਡੇਸ਼ਨ ਅਤੇ ਯੋਗੀ ਅਸ਼ਵਨੀ ਜੀ ਦੇ ਬੇਦਾਗ਼ ਚਰਿੱਤਰ ਅਤੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਗੂਗਲ ਦੇਰੀ ਦੀ ਰਣਨੀਤੀ ਅਪਣਾ ਰਿਹਾ ਹੈ।" ਸਥਾਨ ਥਾਣੇ ਦੇ ਸੀਨੀਅਰ ਇੰਸਪੈਕਟਰ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੀ, ਜਿਨ੍ਹਾਂ 'ਤੇ ਐੱਨ.ਜੀ.ਓ. ਨੇ ਵੀਡੀਓ ਹਟਾਉਣ ਲਈ ਕੋਈ ਕਾਰਵਾਈ ਨਹੀਂ ਕਰਨ ਦਾ ਦੋਸ਼ ਲਗਾਇਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News