ਦਿੱਲੀ ਆਬਕਾਰੀ ਨੀਤੀ ਮਾਮਲਾ : ਕੋਰਟ ਨੇ ਸਿਸੋਦੀਆ ਦੀ ED ਹਿਰਾਸਤ 5 ਦਿਨ ਲਈ ਵਧਾਈ

03/17/2023 4:29:52 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ 'ਆਪ' ਨੇਤਾ ਮਨੀਸ਼ ਸਿਸੋਦੀਆ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ ਸ਼ੁੱਕਰਵਾਰ ਨੂੰ ਇੱਥੇ ਦੀ ਇਕ ਅਦਾਲਤ ਨੇ 5 ਦਿਨ ਲਈ ਵਧਾ ਦਿੱਤੀ। ਸਿਸੋਦੀਆ ਨੂੰ ਵਿਸ਼ੇਸ਼ ਜੱਜ ਐੱਮ.ਕੇ. ਨਾਗਪਾਲ ਦੇ ਸਾਹਮਣੇ ਪੇਸ ਕੀਤਾ ਗਿਆ, ਜਿਨ੍ਹਾਂ ਨੇ ਉਨ੍ਹਾਂ ਦੀ ਹਿਰਾਸਤ 22 ਮਾਰਚ ਤੱਕ ਵਧਾ ਦਿੱਤੀ। ਈ.ਡੀ. ਨੇ ਸਿਸੋਦੀਆ ਦੀ ਹਿਰਾਸਤ 7 ਦਿਨ ਲਈ ਵਧਾਉਣ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ : ਸਤਲੁਜ ਯਮੁਨਾ ਨਹਿਰ ਵਿਵਾਦ : ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤੀ ਸਟੇਟਸ ਰਿਪੋਰਟ

ਰਾਊਜ ਐਵੇਨਿਊ ਕੋਰਟ ਕੰਪਲੈਕਸ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਭਾਰੀ ਇੰਤਜ਼ਾਮ ਕੀਤੇ ਗਏ ਸਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਲਤ ਨੂੰ ਦੱਸਿਆ ਕਿ ਸਿਸੋਦੀਆ ਦੀ ਹਿਰਾਸਤ ਦੌਰਾਨ ਮਹੱਤਵਪੂਰਨ ਜਾਣਕਰਾੀ ਸਾਹਮਣੇ ਆਈ ਸੀ ਅਤੇ ਉਨ੍ਹਾਂ ਦਾ ਹੋਰ ਦੋਸ਼ੀਆਂ ਨਾਲ ਆਹਮਣਾ-ਸਾਹਮਣਾ ਕਰਵਾਇਆ ਜਾਣਾ ਸੀ। ਇਨ੍ਹਾਂ 'ਚ ਸਾਬਕਾ ਆਬਕਾਰੀ ਕਮਿਸ਼ਨਰ ਰਾਹੁਲ ਸਿੰਘ, ਦਿਨੇਸ਼ ਅਰੋੜਾ ਅਤੇ ਅਮਿਤ ਅਰੋੜਾ ਸ਼ਾਮਲ ਸਨ। ਈ.ਡੀ. ਨੇ ਕਿਹਾ ਕਿ ਦਿੱਲੀ ਦੇ ਸਾਬਕਾ ਉੱਪ ਮੁੱਖ ਮੰਤਰੀ ਦਾ ਉਨ੍ਹਾਂ ਦੇ ਸਾਬਕਾ ਸਕੱਤਰ ਸੀ ਅਰਵਿੰਦ ਨਾਲ ਵੀ ਆਹਮਣਾ-ਸਾਹਮਣਾ ਕਰਵਾਇਆ ਜਾਣਾ ਸੀ। ਸੀ ਅਰਵਿੰਦ ਇਸ ਮਾਮਲੇ 'ਚ ਦੋਸ਼ੀ ਨਹੀਂ ਹਨ। ਈ.ਡੀ ਨੇ ਸਿਸੋਦੀਆ ਨੂੰ 9 ਮਾਰਚ ਨੂੰ ਤਿਹਾੜ ਜੇਲ੍ਹ 'ਚ ਗ੍ਰਿਫ਼ਤਾਰ ਕੀਤਾ ਸੀ, ਜਿੱਥੇ ਉਨ੍ਹਾਂ ਨੂੰ 2021-22 ਲਈ ਹੁਣ ਰੱਦ ਕੀਤੀ ਜਾ ਚੁੱਕੀ ਦਿੱਲੀ ਆਬਕਾਰੀ ਨੀਤੀ ਦੇ ਨਿਰਮਾਣ ਅਤੇ ਲਾਗੂ ਕਰਨ 'ਚ ਭ੍ਰਿਸ਼ਟਾਚਾਰ ਦੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਮਾਮਲੇ ਦੇ ਸੰਬੰਧ 'ਚ ਰੱਖਿਆ ਗਿਆ ਸੀ। ਸੀ.ਬੀ.ਆਈ. ਨੇ ਸਿਸੋਦੀਆ ਨੂੰ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News