ਘਰੇਲੂ ਕਲੇਸ਼ ਬਣਿਆ ਜਾਨ ਦਾ ਦੁਸ਼ਮਣ, ਜੋੜੇ ਨੇ ਢਾਈ ਸਾਲਾ ਪੁੱਤਰ ਸਣੇ ਲਾਇਆ ਫਾਹਾ

Sunday, Jun 20, 2021 - 05:46 PM (IST)

ਜੀਂਦ— ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਗਾਂਗੋਲੀ ਪਿੰਡ ’ਚ ਐਤਵਾਰ ਨੂੰ ਸ਼ੱਕੀ ਹਲਾਤਾਂ ’ਚ ਜੋੜੇ ਨੇ ਮਾਸੂਮ ਪੁੱਤਰ ਸਮੇਤ ਫਾਹਾ ਲਾ ਲਿਆ, ਜਿਸ ’ਚ ਜਨਾਨੀ ਦੀ ਮੌਤ ਹੋ ਗਈ ਜਦਕਿ ਗੁਆਂਢੀਆਂ ਨੇ ਸਮੇਂ ਰਹਿੰਦੇ ਉਸ ਦੇ ਪਤੀ ਅਤੇ ਪੁੱਤਰ ਨੂੰ ਫੰਦੇ ਤੋਂ ਉਤਾਰ ਕੇ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਗਾਂਗੋਲੀ ਪਿੰਡ ਵਾਸੀ ਅਜੀਤ (25), ਉਸ ਦੀ ਪਤਨੀ ਸੰਧਿਆ (23) ਅਤੇ ਢਾਈ ਸਾਲਾ ਪੁੱਤਰ ਲੱਕੀ ਐਤਵਾਰ ਦੁਪਹਿਰ ਨੂੰ ਆਪਣੇ ਘਰ ’ਚ ਫੰਦੇ ਨਾਲ ਲਟਕੇ ਦਿੱਸੇ, ਜਿਨ੍ਹਾਂ ਨੂੰ ਗੁਆਂਢੀਆਂ ਦੀ ਮਦਦ ਨਾਲ ਉਤਾਰਿਆ ਗਿਆ ਪਰ ਉਦੋਂ ਤੱਕ ਸੰਧਿਆ ਦੀ ਮੌਤ ਹੋ ਚੁੱਕੀ ਸੀ ਅਤੇ ਪਿਓ-ਪੁੱਤ ਦੇ ਸਾਹ ਚੱਲ ਰਹੇ ਸਨ।

ਪਤੀ ਅਤੇ ਪੁੱਤਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪੀ. ਜੀ. ਆਈ. ਰੋਹਤਕ ਰੈਫਰ ਕੀਤਾ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਦੇ ਪਿੱਛੇ ਮੁੱਖ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ। ਅਜੀਤ ਪਿੰਡ ਵਿਚ ਨਾਈ ਦੀ ਦੁਕਾਨ ਕਰਦਾ ਹੈ। ਜੋੜੇ ਦਰਮਿਆਨ ਐਤਵਾਰ ਨੂੰ ਆਪਸੀ ਝਗੜਾ ਹੋ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਪੀ. ਨਿਤਿਸ਼ ਅਗਰਵਾਲ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਮੁਆਇਨਾ ਕੀਤਾ। ਅਗਰਵਾਲ ਨੇ ਦੱਸਿਆ ਕਿ ਘਟਨਾ ਦੇ ਪਿੱਛੇ ਦਾ ਮੁੱਖ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ। ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਪਤੀ ਨੇ ਪਤਨੀ ਅਤੇ ਪੁੱਤਰ ਨੂੰ ਫੰਦੇ ਨਾਲ ਲਟਕਾਇਆ ਫਿਰ ਖ਼ੁਦ ਫਾਹਾ ਲਾ ਲਿਆ। ਫ਼ਿਲਹਾਰ ਪਰਿਵਾਰ ਵਾਲਿਆਂ ਦੇ ਬਿਆਨ ਲਏ ਜਾ ਰਹੇ ਹਨ। ਉਸ ਦੇ ਆਧਾਰ  ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


Tanu

Content Editor

Related News