ਚਿੰਤਾਜਨਕ ; ਦੇਸ਼ 'ਚ Out Of Control ਹੋਈ ਇਹ ਬੀਮਾਰੀ ! ਦਵਾਈਆਂ ਵੀ ਨਹੀਂ ਦਿਖਾ ਰਹੀਆਂ ਅਸਰ
Saturday, Jan 17, 2026 - 11:31 AM (IST)
ਨੈਸ਼ਨਲ ਡੈਸਕ- ਭਾਰਤ ’ਚ ਮਿਆਦੀ ਬੁਖਾਰ ਭਾਵ ਟਾਈਫਾਈਡ ਅਜੇ ਵੀ ਜਨਤਕ ਸਿਹਤ ਲਈ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਤਾਜ਼ਾ ਅਧਿਐਨ ਮੁਤਾਬਕ ਸਾਲ ਦੇ 49,30,326 ਮਾਮਲੇ ਦਰਜ ਕੀਤੇ ਗਏ, ਜਦੋਂਕਿ 7,850 ਲੋਕਾਂ ਦੀ ਮੌਤ ਇਸ ਬੀਮਾਰੀ ਕਾਰਨ ਹੋਈ ਹੈ। ਨਤੀਜੇ ਦੱਸਦੇ ਹਨ ਕਿ 2023 ’ਚ ਕਰੀਬ 7.30 ਲੱਖ ਮਰੀਜ਼ਾਂ ਨੂੰ ਟਾਈਫਾਈਡ ਕਾਰਨ ਹਸਪਤਾਲ ’ਚ ਦਾਖਲ ਕਰਨਾ ਪਿਆ। ਇਨ੍ਹਾਂ ’ਚੋਂ ਕਰੀਬ 82 ਫੀਸਦੀ ਮਾਮਲਿਆਂ ’ਚ ‘ਫਲੋਰੋਕਵਿਨੋਲੋਨ’ ਦਵਾਈਆਂ ਅਸਰਦਾਰ ਨਹੀਂ ਰਹੀਆਂ ਹਨ। ਇਹ ਖੋਜ ਲੰਡਨ ਸਕੂਲ ਆਫ ਹਾਈਜੀਨ ਐਂਡ ਟ੍ਰਾਪੀਕਲ ਮੈਡੀਸਨ, ਕ੍ਰਿਸ਼ਚੀਅਨ ਮੈਡੀਕਲ ਕਾਲਜ, ਵੇਲੋਰ ਸਮੇਤ ਕਈ ਵੱਕਾਰੀ ਸੰਸਥਾਵਾਂ ਦੇ ਵਿਗਿਆਨੀਆਂ ਨੇ ਮਿਲ ਕੇ ਕੀਤੀ ਹੈ, ਜਿਸ ਨੂੰ ਦਿ ਲੈਂਸੇਟ ਰੀਜਨਲ ਹੈਲਥ : ਸਾਊਥ-ਈਸਟ ਏਸ਼ੀਆ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ।
4,700 ਮੌਤਾਂ ਸਿੱਧੇ ਤੌਰ ’ਤੇ ਐਂਟੀ-ਡਰੱਗ ਨਾਲ ਜੁੜੀਆਂ
ਅਧਿਐਨ ’ਚ ਸਭ ਤੋਂ ਵੱਡੀ ਚਿੰਤਾ ਐਂਟੀਬਾਇਓਟਿਕ ਦਵਾਈਆਂ ਪ੍ਰਤੀ ਵਧ ਰਹੇ ਵਿਰੋਧ ਨੂੰ ਲੈ ਕੇ ਪ੍ਰਗਟਾਈ ਗਈ ਹੈ। ਟਾਈਫਾਈਡ ਦੇ ਇਲਾਜ ’ਚ ਲੰਬੇ ਸਮੇਂ ਤੋਂ ਵਰਤੀਆਂ ਜਾ ਰਹੀਆਂ ਫਲੋਰੋਕਵਿਨੋਲੋਨ ਦਵਾਈਆਂ ਹੁਣ ਵੱਡੀ ਗਿਣਤੀ ’ਚ ਮਰੀਜ਼ਾਂ ’ਤੇ ਅਸਰ ਨਹੀਂ ਕਰ ਰਹੀਆਂ ਹਨ। ਅਧਿਐਨ ’ਚ ਇਹ ਵੀ ਸਾਹਮਣੇ ਆਇਆ ਕਿ ਕਰੀਬ 4,700 ਮੌਤਾਂ ਸਿੱਧੇ ਤੌਰ ’ਤੇ ਇਸ ਐਂਟੀ-ਰੋਕਵਿਨੋਲੋਨ ਨਾਲ ਜੁੜੀਆਂ ਹੋਈਆਂ ਸਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਤੀਜੀ ਪੀੜ੍ਹੀ ਦੀ ਸੇਫਾਲੋਸਪੋਰਿਨ ਅਤੇ ਅਜ਼ੀਥ੍ਰੋਮਾਈਸਿਨ ਪ੍ਰਤੀ ਵਿਰੋਧ ਅਜੇ ਘੱਟ ਹੈ। ਇਸ ਤੋਂ ਇਲਾਵਾ ਮਲਟੀ-ਡਰੱਗ ਰੈਸਿਸਟੈਂਸ ’ਚ ਪਿਛਲੇ 3 ਦਹਾਕਿਆਂ ’ਚ ਹੌਲੀ-ਹੌਲੀ ਗਿਰਾਵਟ ਦੇਖੀ ਗਈ ਹੈ।
ਦਹਾਕਿਆਂ ਦਾ ਡਾਟਾ, ਗੰਭੀਰ ਸੰਕੇਤ
ਇਹ ਅਧਿਐਨ ਸਰਵੇਲਾਂਸ ਫਾਰ ਐਂਟ੍ਰਿਕ ਫੀਵਰ ਇਨ ਇੰਡੀਆ (2017-2020) ਅਤੇ ਗਲੋਬਲ ਬਰਡਨ ਆਫ ਡਿਸੀਜ਼ 2021 ਵਰਗੇ ਵੱਡੇ ਡਾਟਾਬੇਸ ’ਤੇ ਆਧਾਰਿਤ ਹੈ। ਨਾਲ ਹੀ ਜੁਲਾਈ 2025 ਤੱਕ ਪ੍ਰਕਾਸ਼ਿਤ ਅਧਿਐਨਾਂ ਦੀ ਸਮੀਖਿਆ ਕੀਤੀ ਗਈ। ਖੋਜਕਰਤਾਵਾਂ ਨੇ 1977 ਤੋਂ 2024 ਤੱਕ ਸਾਲਮੋਨੇਲਾ ਟਾਈਫੀ ’ਚ ਐਂਟੀ-ਡਰੱਗ ’ਤੇ ਕੀਤੇ ਵਿਸ਼ਲੇਸ਼ਣ ਨੂੰ ਵੀ ਸ਼ਾਮਲ ਕੀਤਾ। ਅੰਕੜੇ ਦੱਸਦੇ ਹਨ ਕਿ ਫਲੋਰੋਕਵਿਨੋਲੋਨ ਪ੍ਰਤੀ ਵਿਰੋਧ 1989 ਤੋਂ ਲਗਾਤਾਰ 60 ਫੀਸਦੀ ਤੋਂ ਉੱਪਰ ਬਣਿਆ ਰਿਹਾ ਅਤੇ 2017 ’ਚ 94 ਫੀਸਦੀ ਦੇ ਖਤਰਨਾਕ ਪੱਧਰ ਤੱਕ ਪਹੁੰਚ ਗਿਆ।
ਗੰਦਾ ਪਾਣੀ ਅਤੇ ਦੂਸ਼ਿਤ ਖਾਣਾ ਸਭ ਤੋਂ ਵੱਡਾ ਕਾਰਨ
ਹੈਰਾਨੀ ਦੀ ਗੱਲ ਇਹ ਹੈ ਕਿ ਕੁੱਲ ਮਾਮਲਿਆਂ ਦਾ ਕਰੀਬ 29 ਫੀਸਦੀ ਬੋਝ ਦਿੱਲੀ, ਮਹਾਰਾਸ਼ਟਰ ਅਤੇ ਕਰਨਾਟਕ ਵਰਗੇ ਮੁਕਾਬਲਤਨ ਵਿਕਸਤ ਸੂਬਿਆਂ ’ਤੇ ਪਿਆ ਹੈ, ਜੋ ਸ਼ਹਿਰੀ ਸਵੱਛਤਾ ਅਤੇ ਸਿਹਤ ਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਮਿਆਦੀ ਬੁਖਾਰ ਇਕ ਬੈਕਟੀਰੀਅਲ ਇਨਫੈਕਸ਼ਨ ਹੈ, ਜੋ ਮੁੱਖ ਤੌਰ ’ਤੇ ਦੂਸ਼ਿਤ ਪਾਣੀ ਅਤੇ ਗੰਦੇ ਖਾਣੇ ਰਾਹੀਂ ਫੈਲਦੀ ਹੈ। ਇਨਫੈਕਸ਼ਨ ਦੇ ਇਕ ਤੋਂ ਤਿੰਨ ਹਫਤਿਆਂ ਬਾਅਦ ਇਸ ਦੇ ਲੱਛਣ ਸਾਹਮਣੇ ਆਉਂਦੇ ਹਨ। ਇਨ੍ਹਾਂ ’ਚ ਤੇਜ਼ ਬੁਖਾਰ, ਸਿਰਦਰਦ, ਪੇਟ ਦਰਦ, ਉਲਟੀ-ਦਸਤ ਅਤੇ ਬਹੁਤ ਜ਼ਿਆਦਾ ਥਕਾਵਟ ਸ਼ਾਮਲ ਹੈ। ਮਾਹਿਰਾਂ ਮੁਤਾਬਕ ਤੇਜ਼ੀ ਨਾਲ ਸ਼ਹਿਰੀਕਰਨ, ਅਵਿਵਸਥਿਤ ਕਾਲੋਨੀਆਂ, ਖਰਾਬ ਸੀਵਰੇਜ ਸਿਸਟਮ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਘਾਟ ਇਸ ਬੀਮਾਰੀ ਨੂੰ ਹੁਲਾਰਾ ਦੇ ਰਹੀ ਹੈ।
ਬੱਚੇ ਸਭ ਤੋਂ ਵੱਧ ਲਪੇਟ ’ਚ
ਅੰਕੜਿਆਂ ਮੁਤਾਬਕ 5 ਸਾਲ ਤੋਂ ਘੱਟ ਉਮਰ ਦੇ 3.21 ਲੱਖ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ, ਜੋ ਕੁੱਲ ਭਰਤੀਆਂ ਦਾ 44 ਫੀਸਦੀ ਹੈ। ਇਸੇ ਉਮਰ ਵਰਗ ’ਚ 2,600 ਬੱਚਿਆਂ ਦੀ ਮੌਤ ਹੋਈ। ਦੂਜੇ ਪਾਸੇ 5 ਤੋਂ 9 ਸਾਲ ਦੇ 2.65 ਲੱਖ ਬੱਚਿਆਂ ਨੂੰ ਦਾਖਲ ਕੀਤਾ ਗਿਆ ਅਤੇ ਕਰੀਬ 2,900 ਮੌਤਾਂ ਦਰਜ ਕੀਤੀਆਂ ਗਈਆਂ, ਜੋ ਕੁੱਲ ਮੌਤਾਂ ਦਾ 36 ਫੀਸਦੀ ਹਨ।
ਸਿਰਫ ਟੀਕਾਕਰਨ ਨਾਲ ਨਹੀਂ ਰੁਕੇਗੀ ਬੀਮਾਰੀ
ਵਿਗਿਆਨੀਆਂ ਦਾ ਕਹਿਣਾ ਹੈ ਕਿ ਸਿਰਫ ਨਿਯਮਿਤ ਟੀਕਾਕਰਨ ’ਤੇ ਨਿਰਭਰ ਰਹਿਣਾ ਕਾਫੀ ਨਹੀਂ ਹੋਵੇਗਾ। ਟੀਕੇ ਬੱਚਿਆਂ ਨੂੰ ਸੁਰੱਖਿਆ ਜ਼ਰੂਰ ਦਿੰਦੇ ਹਨ ਪਰ ਬਾਲਗ ਆਬਾਦੀ ਤੱਕ ਵਿਆਪਕ ਸੁਰੱਖਿਆ ਪਹੁੰਚਣ ’ਚ ਦਹਾਕੇ ਲੱਗ ਸਕਦੇ ਹਨ, ਜਦੋਂਕਿ ਇਸ ਉਮਰ ਵਰਗ ’ਚ ਵੀ ਬੀਮਾਰੀ ਦਾ ਬੋਝ ਕਾਫੀ ਜ਼ਿਆਦਾ ਹੈ। ਅਧਿਐਨ ਦਾ ਸੁਨੇਹਾ ਬਿਲਕੁਲ ਸਾਫ ਹੈ। ਜੇਕਰ ਅਜੇ ਠੋਸ ਅਤੇ ਸਾਂਝੇ ਕਦਮ ਨਾ ਚੁੱਕੇ ਗਏ, ਤਾਂ ਟਾਈਫਾਈਡ ਅਤੇ ਐਂਟੀ-ਡਰੱਗ ਆਉਣ ਵਾਲੇ ਸਾਲਾਂ ’ਚ ਭਾਰਤ ਲਈ ਇਕ ਵੱਡੀ ਸਿਹਤ ਆਫਤ ਬਣ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
