ਨਵੰਬਰ ਮਹੀਨੇ ਸਿਖਰ ''ਤੇ ਹੋਵੇਗੀ ਕੋਰੋਨਾ ਦਾ ਕਹਿਰ, ਘੱਟ ਪੈ ਸਕਦੇ ਹਨ ਵੈਂਟੀਲੇਟਰ ਅਤੇ ਬੈੱਡ

Monday, Jun 15, 2020 - 12:44 PM (IST)

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਇਨਫੈਕਸ਼ਨ ਦੇ ਸਭ ਤੋਂ ਵੱਧ 11,502 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਸ ਮਿਆਦ 'ਚ 325 ਹੋਰ ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਵਲੋਂ ਗਠਿਤ ਇਕ ਰਿਸਰਚ ਗਰੁੱਪ ਦੀ ਸਟਡੀ 'ਚ ਕੋਰੋਨਾ ਨੂੰ ਲੈ ਕੇ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ।

ਨਵੰਬਰ ਮਹੀਨੇ ਕੋਰੋਨਾ ਮਚਾਏਗਾ ਸਭ ਤੋਂ ਵੱਧ ਤਬਾਹੀ
ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਵਲੋਂ ਗਠਿਤ ਇਕ ਰਿਸਰਚ ਗਰੁੱਪ ਦੀ ਸਟਡੀ 'ਚ ਦੱਸਿਆ ਗਿਆ ਹੈ ਕਿ ਨਵੰਬਰ ਮਹੀਨੇ ਜਦੋਂ ਕੋਰੋਨਾ ਦੇ ਮਾਮਲੇ ਸਿਖਰ 'ਤੇ ਹੋਣਗੇ, ਉਦੋਂ ਭਾਰਤ 'ਚ ਆਈ.ਸੀ.ਯੂ. ਬੈੱਡ ਅਤੇ ਵੈਂਟੀਲੇਟਰ ਦੀ ਕਮੀ ਹੋ ਸਕਦੀ ਹੈ। ਲਾਕਡਾਊਨ (ਤਾਲਾਬੰਦੀ) ਤੋਂ ਬਾਅਦ ਜਨਤਕ ਸਿਹਤ ਉਪਾਅ 60 ਫੀਸਦੀ ਤੱਕ ਵਧਾਏ ਜਾਣ ਕਾਰਨ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ 5.4 ਮਹੀਨਿਆਂ ਤੱਕ ਆਈਸੋਲੇਸ਼ਨ ਬੈੱਡ, 4.6 ਮਹੀਨਿਆਂ ਤੱਕ ਆਈ.ਸੀ.ਯੂ. ਬੈੱਡ ਅਤੇ 3.9 ਮਹੀਨਿਆਂ ਤੱਕ ਵੈਂਟੀਲੇਟਰਾਂ 'ਚ ਕਮੀ ਆ ਸਕਦੀ ਹੈ। ਅਧਿਐਨ ਅਨੁਸਾਰ ਤਾਲਾਬੰਦੀ ਕਾਰਨ ਕੋਵਿਡ-19 ਮਹਾਮਾਰੀ 8 ਹਫ਼ਤੇ ਦੇਰ ਨਾਲ ਆਪਣੇ ਸਿਖਰ 'ਤੇ ਪਹੁੰਚੇਗੀ। ਹਾਲਾਂਕਿ ਸਟਡੀ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸਹੀ ਸਮੇਂ 'ਚ ਤਾਲਾਬੰਦੀ ਨਾ ਲਗਾਈ ਜਾਂਦੀ ਤਾਂ ਵੱਧ ਮੌਤਾਂ ਹੋ ਸਕਦੀਆਂ ਸਨ।

ਮਰੀਜ਼ਾਂ ਦੀ ਗਿਣਤੀ ਵਧ ਕੇ 3,32,424 ਹੋਈ
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ ਵਧ ਕੇ 3,32,424 ਹੋ ਗਈ। ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 9520 ਹੋ ਗਈ। ਦੇਸ਼ 'ਚ ਇਸ ਸਮੇਂ ਕੋਰੋਨਾ ਦੇ 1,53,106 ਸਰਗਰਮ ਮਾਮਲੇ ਹਨ, ਜਦੋਂ ਕਿ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 1,69,798 ਹੈ।


DIsha

Content Editor

Related News