ਕੋਰੋਨਾ ਵਿਰੁੱਧ ਜੰਗ ’ਚ ਉਤਰਣਗੇ ਫ਼ੌਜ ਦੇ ਸੇਵਾਮੁਕਤ ਡਾਕਟਰ
Tuesday, Apr 27, 2021 - 10:42 AM (IST)
ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਲਾਗ਼ ਦੇ ਵਧਦੇ ਕਹਿਰ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਪ੍ਰਮੁੱਖ ਰੱਖਿਆ ਮੁਖੀ ਜਨਰਲ ਬਿਪਿਨ ਰਾਵਤ ਨਾਲ ਹਥਿਆਰਬੰਦ ਫ਼ੌਜਾਂ ਵਲੋਂ ਹਾਲਾਤ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਹੋਰ ਯੋਜਨਾਵਾਂ ਦੀ ਸਮੀਖਿਆ ਕੀਤੀ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਦਿੱਲੀ ਦੇ ਹਸਪਤਾਲਾਂ ’ਚ ਗਰੀਬਾਂ ਲਈ ਭੋਜਨ ਭੇਜਣਗੇ ਕਿਸਾਨ
ਜਨਰਲ ਰਾਵਤ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਹਥਿਆਰਬੰਦ ਫ਼ੌਜਾਂ ’ਚੋਂ ਪਿਛਲੇ 2 ਸਾਲਾਂ ਦੌਰਾਨ ਸੇਵਾਮੁਕਤ ਹੋਣ ਵਾਲੇ ਸਭ ਮੈਡੀਕਲ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਨੇੜਲੇ ਕੋਵਿਡ ਕੇਂਦਰਾਂ ’ਚ ਕੰਮ ਕਰਨ ਲਈ ਬੁਲਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੇਵਾਮੁਕਤ ਹੋਏ ਮੈਡੀਕਲ ਮੁਲਾਜ਼ਮਾਂ ਨੂੰ ਵੀ ਮੈਡੀਕਲ ਹੈਲਪਲਾਈਨ ਰਾਹੀਂ ਸਹਿਯੋਗ ਦੇਣ ਲਈ ਕਿਹਾ ਜਾ ਰਿਹਾ ਹੈ। ਨਾਲ ਹੀ ਸਟਾਫ਼ ਹੈੱਡਕੁਆਰਟਰਾਂ ਵਿਖੇ ਤਾਇਨਾਤ ਸਭ ਮੈਡੀਕਲ ਅਧਿਕਾਰੀਆਂ ਨੂੰ ਹਸਪਤਾਲਾਂ ’ਚ ਡਿਊਟੀ ਲਈ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰਾਹਤ : ਦਿੱਲੀ ਪਹੁੰਚੀ ਆਕਸੀਜਨ ਐਕਸਪ੍ਰੈੱਸ, ਟੈਂਕਰਾਂ ਨਾਲ ਹਸਪਤਾਲਾਂ 'ਚ ਪਹੁੰਚਾਏਗੀ ਕੇਜਰੀਵਾਲ ਸਰਕਾਰ
ਡਾਕਟਰਾਂ ਦੇ ਸਹਿਯੋਗ ਲਈ ਹਸਪਤਾਲਾਂ ’ਚ ਨਰਸਿੰਗ ਸਹਾਇਕਾਂ ਨੂੰ ਵੀ ਵੱਡੀ ਗਿਣਤੀ ’ਚ ਤਾਇਨਾਤ ਕੀਤਾ ਜਾ ਰਿਹਾ ਹੈ। ਵੱਖ-ਵੱਖ ਅਦਾਰਿਆਂ ’ਚ ਉਪਲੱਬਧ ਆਕਸੀਜਨ ਸਿਲੰਡਰਾਂ ਨੂੰ ਹਸਪਤਾਲਾਂ ’ਚ ਪਹੁੰਚਾਇਆ ਜਾ ਰਿਹਾ ਹੈ। ਵੱਡੀ ਗਿਣਤੀ ’ਚ ਚਿਕਿਤਸਾ ਸੁਵਿਧਾ ਕੇਂਦਰ ਬਣਾਏ ਜਾ ਰਹੇ ਹਨ। ਇਨ੍ਹਾਂ ਵਿਚ ਆਮ ਲੋਕਾਂ ਨੂੰ ਵੀ ਡਾਕਟਰੀ ਸਹੂਲਤਾਂ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਹਵਾਈ ਫ਼ੌਜ ਵਲੋਂ ਦੇਸ਼ ਵਿਚ ਵੱਖ-ਵੱਖ ਥਾਵਾਂ ਤੋਂ ਅਤੇ ਵਿਦੇਸ਼ਾਂ ਤੋਂ ਆਕਸੀਜਨ ਸਿਲੰਡਰ ਲਿਆਉਣ ਲਈ ਚਲਾਈ ਜਾ ਰਹੀ ਮੁਹਿੰਮ ਦੀ ਵੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਦੂਰ ਦਰਾਜ ਦੇ ਖੇਤਰਾਂ ’ਚ ਰਹਿਣ ਵਾਲੇ ਸਾਬਕਾ ਫੌਜੀਆਂ ਨੂੰ ਸਹੂਲਤਾਂ ਦਿੱਤੇ ਜਾਣ ਸਬੰਧੀ ਵੀ ਚਰਚਾ ਕੀਤੀ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ