ਰਾਹਤ ਭਰੀ ਖ਼ਬਰ : ਦੇਸ਼ ''ਚ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 51 ਲੱਖ ਦੇ ਪਾਰ
Tuesday, Sep 29, 2020 - 12:45 PM (IST)
ਨਵੀਂ ਦਿੱਲੀ- ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 84 ਹਜ਼ਾਰ ਤੋਂ ਵੱਧ ਲੋਕਾਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ, ਜਿਸ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 51 ਲੱਖ ਦੇ ਪਾਰ ਪਹੁੰਚ ਗਈ। ਇਸ ਦੌਰਾਨ ਇਨਫੈਕਸ਼ਨ ਦੇ ਲਗਭਗ 70 ਹਜ਼ਾਰ ਮਾਮਲਿਆਂ ਦੀ ਤੁਲਨਾ 'ਚ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਹੋਣ ਨਾਲ ਸਰਗਰਮ ਮਾਮਲਿਆਂ 'ਚ ਕਰੀਬ 15 ਹਜ਼ਾਰ ਦੀ ਕਮੀ ਆਈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 84,877 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਦੇ ਨਾਲ ਹੀ ਹੁਣ ਤੱਕ ਠੀਕ ਹੋਣ ਵਾਲਿਆਂ ਦੀ ਗਿਣਤੀ 51,01,398 ਹੋ ਗਈ। ਇਨਫੈਕਸ਼ਨ ਦੇ 70,589 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 61,45,292 ਹੋ ਗਈ ਅਤੇ ਇਸ ਦੀ ਤੁਲਨਾ 'ਚ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਹੋਣ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ 'ਚ 15,604 ਦੀ ਕਮੀ ਆਈ ਹੈ ਅਤੇ ਹੁਣ ਇਹ 9,47,576 ਰਹਿ ਗਈ ਹੈ।
ਪਿਛਲੇ 24 ਘੰਟਿਆਂ ਦੌਰਾਨ 776 ਮਰੀਜ਼ਾਂ ਦੀ ਮੌਤ ਹੋਣ ਨਾਲ ਹੁਣ ਤੱਕ ਜਾਨ ਗਵਾਉਣ ਵਾਲਿਆਂ ਦੀ ਗਿਣਤੀ 96,318 ਹੋ ਗਈ ਹੈ। ਦੇਸ਼ 'ਚ ਸਰਗਰਮ ਮਾਮਲੇ 15.42 ਫੀਸਦੀ ਅਤੇ ਮੌਤ ਦਰ 1.57 ਫੀਸਦੀ ਰਹਿ ਗਏ ਹਨ, ਜਦੋਂ ਕਿ ਠੀਕ ਹੋਣ ਵਾਲਿਆਂ ਦੀ ਦਰ 83.01 ਫੀਸਦੀ ਹੋ ਗਈ ਹੈ। ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 8191 ਘੱਟ ਹੋ ਕੇ 2,65,455 ਰਹਿ ਗਏ ਹਨ, ਜਦੋਂ ਕਿ 180 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 35,751 ਹੋ ਗਈ ਹੈ। ਇਸ ਦੌਰਾਨ 19,932 ਲੋਕ ਠੀਕ ਹੋਏ ਹਨ, ਜਿਸ ਨਾਲ ਸਿਹਤਯਾਬ ਹੋਏ ਲੋਕਾਂ ਦੀ ਗਿਮਤੀ ਵੱਧ ਕੇ 10,49,947 ਹੋ ਗਈ।