ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਗੈਰ ਜ਼ਿੰਮੇਵਾਰ ਨੇਤਾ ਹਨ ਰਾਹੁਲ : ਸੰਬਿਤ ਪਾਤਰਾ

Thursday, Jun 18, 2020 - 05:00 PM (IST)

ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਗੈਰ ਜ਼ਿੰਮੇਵਾਰ ਨੇਤਾ ਹਨ ਰਾਹੁਲ : ਸੰਬਿਤ ਪਾਤਰਾ

ਨਵੀਂ ਦਿੱਲੀ- ਭਾਜਪਾ ਨੇ ਲੱਦਾਖ 'ਚ ਭਾਰਤੀ ਜਵਾਨਾਂ ਦੀ ਸ਼ਹਾਦਤ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਣ ਵਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਪਲਟਵਾਰ ਕਰਦੇ ਹੋਏ ਵੀਰਵਾਰ ਨੂੰ ਉਨ੍ਹਾਂ ਨੂੰ ਭਾਰਤ ਦਾ ਹੁਣ ਤੱਕ ਦਾ ਸਭ ਤੋਂ 'ਗੈਰ ਜ਼ਿੰਮੇਵਾਰ ਨੇਤਾ' ਕਰਾਰ ਦਿੱਤਾ ਅਤੇ ਕਿਹਾ ਕਿ ਉਹ ਗਲਤ ਪ੍ਰਚਾਰ ਦੀ ਰਾਜਨੀਤੀ ਛੱਡ ਦੇਣ। ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਦੋਸ਼ ਲਗਾਇਆ ਕਿ ਰਾਹੁਲ ਗਾਂਧੀ ਨੇ ਆਪਣੇ ਵੱਖ-ਵੱਖ ਟਵੀਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰ ਕੇ ਗੈਰ ਜ਼ਿੰਮੇਵਾਰਾਨਾ ਵਤੀਰਾ ਕੀਤਾ ਹੈ, ਜਦੋਂ ਕਿ ਪ੍ਰਧਾਨ ਮੰਤਰੀ ਨੇ ਚੀਨ ਨਾਲ ਸਰਹੱਦ ਵਿਵਾਦ 'ਤੇ ਸ਼ੁੱਕਰਵਾਰ ਨੂੰ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇਤਾ ਇਹ ਦਿਖਾਉਣਾ ਚਾਹੁੰਦੇ ਹਨ ਕਿ ਫੌਜੀਆਂ ਨੂੰ ਮਰਨ ਲਈ ਨਿਹੱਥਾ ਛੱਡ ਦਿੱਤਾ ਗਿਆ ਸੀ। ਭਾਜਪਾ ਬੁਲਾਰੇ 1996 'ਚ ਭਾਰਤ ਅਤੇ ਚੀਨ ਦਰਮਿਆਨ ਉਸ ਸਮਝੌਤੇ ਦਾ ਹਵਾਲਾ ਦਿੱਤਾ, ਜਿਸ 'ਚ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੂੰ ਸਰਹੱਦ ਦੇ 2 ਕਿਲੋਮੀਟਰ ਦੇ ਦਾਇਰੇ 'ਚ ਕਿਸੇ ਵੀ ਹਥਿਆਰ ਦੀ ਵਰਤੋਂ 'ਤੇ ਰੋਕ ਹੈ।

ਪਾਤਰਾ ਨੇ ਕਿਹਾ,''ਤੁਸੀਂ (ਰਾਹੁਲ) ਭਾਰਤ ਦੇ ਹੁਣ ਤੱਕ ਦੇ ਸਭ ਤੋਂ ਗੈਰ ਜ਼ਿੰਮੇਵਾਰ ਨੇਤਾ ਹਨ। ਪੜ੍ਹੋ, ਸਮਝੋ ਅਤੇ ਫਿਰ ਬੋਲੋ। ਤੁਸੀਂ ਦੇਸ਼ ਵਿਰੁੱਧ ਰੌਲਾ ਨਾ ਪਾਓ। ਆਪਣੀ ਰਾਜਨੀਤੀ ਲਈ ਦੇਸ਼ ਦੇ ਵਿਰੁੱਧ ਗਲਤ ਅਤੇ ਗੁੰਮਰਾਹ ਕਰਨ ਵਾਲੇ ਦਾਅਵੇ ਨਾ ਕਰੋ।'' ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਦੇਸ਼ ਦੀਆਂ ਭਾਵਨਾਵਾਂ ਵਿਰੁੱਧ ਖੜ੍ਹੀ ਹੁੰਦੀ ਹੈ ਤਾਂ ਭਾਰਤ 'ਤਿੰਨਾਂ ਸੀ' ਵਿਰੁੱਧ ਲੜੇਗਾ ਅਤੇ ਹੋਰ ਜਿੱਤੇਗਾ। ਪਾਤਰਾ ਅਨੁਸਾਰ 'ਤਿੰਨ ਸੀ' ਦਾ ਮਤਲਬ ਕੋਰੋਨਾ ਵਾਇਰਸ, ਚੀਨ ਅਤੇ ਕਾਂਗਰਸ ਨਾਲ ਹੈ। ਦੱਸਣਯੋਗ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ 'ਚ 20 ਭਾਰਤੀਆਂ ਜਵਾਨਾਂ ਦੇ ਸ਼ਹੀਦ ਹੋਣ ਨੂੰ ਲੈ ਕੇ ਵੀਰਵਾਰ ਨੂੰ ਫਿਰ ਤੋਂ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਸਵਾਲ ਕੀਤਾ ਕਿ ਸਾਡੇ ਫੌਜੀਆਂ ਨੂੰ ਹਥਿਆਰ ਦੇ ਬਿਨਾਂ ਖਤਰੇ ਵੱਲ ਕਿਸ ਨੇ ਭੇਜਿਆ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ?


author

DIsha

Content Editor

Related News