ਕਫ ਸਿਰਪ ਮਾਮਲਾ : ਸ਼ੁਭਮ ਜੈਸਵਾਲ ਸਮੇਤ 4 ਦੇ ਖਿਲਾਫ ਲੁਕਆਊਟ ਨੋਟਿਸ ਜਾਰੀ
Tuesday, Dec 23, 2025 - 11:18 PM (IST)
ਵਾਰਾਣਸੀ, (ਭਾਸ਼ਾ)- ਉੱਤਰ ਪ੍ਰਦੇਸ਼ ’ਚ ਕੋਡੀਨ ਵਾਲੇ ਕਫ ਸਿਰਪ ਦੇ ਗ਼ੈਰ-ਕਾਨੂੰਨੀ ਕਾਰੋਬਾਰ ’ਚ ਮੁਲਜ਼ਮ ਅਤੇ 50 ਹਜ਼ਾਰ ਰੁਪਏ ਦੇ ਇਨਾਮੀ ਸ਼ੁਭਮ ਜੈਸਵਾਲ ਸਮੇਤ 4 ਲੋਕਾਂ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਦੇ ਡਿਪਟੀ ਕਮਿਸ਼ਨਰ (ਡੀ. ਸੀ. ਪੀ.) ਗੌਰਵ ਬੰਸਵਾਲ ਨੇ ਦੱਸਿਆ ਕਿ ਸ਼ੁਭਮ ਜੈਸਵਾਲ ’ਤੇ ਪਹਿਲਾਂ 25 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ, ਜਿਸ ਨੂੰ ਬਾਅਦ ’ਚ ਵਧਾ ਕੇ 50 ਹਜ਼ਾਰ ਰੁਪਏ ਕੀਤਾ ਜਾ ਚੁੱਕਿਆ ਹੈ। ਬੰਸਵਾਲ ਨੇ ਦੱਸਿਆ ਕਿ ਸ਼ੁਭਮ ਜੈਸਵਾਲ ਅਤੇ 3 ਹੋਰ ਆਕਾਸ਼ ਪਾਠਕ, ਅਮਿਤ ਜੈਸਵਾਲ ਅਤੇ ਦਿਵੇਸ਼ ਜੈਸਵਾਲ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਸੋਮਵਾਰ ਨੂੰ ਲੁਕਆਊਟ ਨੋਟਿਸ ਜਾਰੀ ਕੀਤੇ ਗਏ।
ਬੰਸਵਾਲ ਨੇ ਦੱਸਿਆ ਕਿ ਰਾਂਚੀ ਦੇ ਸ਼ੈਲੀ ਟ੍ਰੇਡਰਜ਼ ਨਾਲ ਜੁਡ਼ੀਆਂ ਕਈ ਫਰਮਾਂ ਦੇ ਲਾਇਸੰਸ ਵੀ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਾਂਚ ’ਚ ਸਾਹਮਣੇ ਆਇਆ ਹੈ ਕਿ ਸ਼ੁਭਮ ਜੈਸਵਾਲ ਲਈ ਦਿਵੇਸ਼ ਜੈਸਵਾਲ ਅਤੇ ਅਮਿਤ ਜੈਸਵਾਲ ਫਰਜ਼ੀ ਫਰਮਾਂ ਅਤੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਬਿੱਲ ਜੈਨਰੇਟ ਕਰਾਉਣ ਦਾ ਕੰਮ ਕਰਦੇ ਸਨ।
