ਕੋਵਿਡ-19 ਦਾ ਟੀਕਾ ਲੱਗਣ ਦੇ ਇਕ ਦਿਨ ਬਾਅਦ ਸਿਹਤ ਕਰਮੀ ਦੀ ਮੌਤ

01/18/2021 5:38:19 PM

ਲਖਨਊ- ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣ ਦੇ ਇਕ ਦਿਨ ਬਾਅਦ ਇੱਥੇ 46 ਸਾਲਾ ਸਿਹਤ ਕਾਮੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲਾਸ਼ ਪ੍ਰੀਖਣ ਰਿਪੋਰਟ 'ਚ ਮੌਤ ਦਾ ਕਾਰਨ ਦਿਲ ਅਤੇ ਫ਼ੇਫੜਿਆਂ ਸੰਬੰਧੀ ਰੋਗ ਦੱਸਿਆ ਗਿਆ ਹੈ। ਸਿਹਤ ਕਰਮੀ ਮਹਿਪਾਲ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਮੌਤ ਟੀਕਾਕਰਨ ਕਾਰਨ ਹੋਈ ਅਤੇ ਉਨ੍ਹਾਂ ਨੂੰ ਬੁਖ਼ਾਰ ਤੇ ਖੰਘ ਤੋਂ ਇਲਾਵਾ ਸਿਹਤ ਸੰਬੰਧੀ ਕੋਈ ਪਰੇਸ਼ਾਨੀ ਨਹੀਂ ਸੀ। ਮੁਰਾਦਾਬਾਦ ਦੇ ਜ਼ਿਲ੍ਹਾ ਮੈਜਿਸਟਰੇਟ ਰਾਕੇਸ਼ ਸਿੰਘ ਨੇ ਕਿਹਾ ਕਿ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਮਹਿਪਾਲ ਮੁਰਾਦਾਬਾਦ ਦੇ ਸਰਕਾਰੀ ਦੀਨਦਿਆਲ ਉਪਾਧਿਆਏ ਹਸਪਤਾਲ ਦੇ ਸਰਜੀਕਲ ਵਾਰਡ 'ਚ ਵਾਰਡ ਬੁਆਏ ਦੇ ਰੂਪ 'ਚ ਕੰਮ ਕਰਦੇ ਸਨ। ਸ਼ਨੀਵਾਰ ਨੂੰ ਉਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਾਇਆ ਗਿਆ ਅਤੇ ਐਤਵਾਰ ਰਾਤ ਉਨ੍ਹਾਂ ਦੀ ਮੌਤ ਹੋ ਗਈ। ਮੁੱਖ ਮੈਡੀਕਲ ਅਧਿਕਾਰੀ ਮਿਲਿੰਦ ਚੰਦਰ ਗਰਗ ਨੇ ਕਿਹਾ ਕਿ ਮਹਿਪਾਲ ਦੀ ਮੌਤ ਦਾ ਕਾਰਨ ਦਿਲ ਸੰਬੰਧੀ ਰੋਗ ਸੀ।

ਉਨ੍ਹਾਂ ਨੇ ਕਿਹਾ,''ਪੋਸਟਮਾਰਟਮ ਰਿਪੋਰਟ ਅਨੁਸਾਰ ਉਨ੍ਹਾਂ ਨੂੰ ਦਿਲ ਸੰਬੰਧੀ ਪਰੇਸ਼ਾਨੀ ਸੀ ਅਤੇ ਖ਼ੂਨ ਦੇ ਧੱਕੇ ਵੀ ਜੰਮੇ ਸਨ।'' ਉਨ੍ਹਾਂ ਕਿਹਾ,''ਅਜਿਹਾ ਲੱਗਦਾ ਹੈ ਕਿ ਮਹਿਪਾਲ ਦਿਲ ਸੰਬੰਧੀ ਰੋਗ ਨਾਲ ਪੀੜਤ ਸਨ। ਪੋਸਟਮਾਰਟਮ ਤਿੰਨ ਡਾਕਟਰਾਂ ਨੇ ਕੀਤਾ। ਇਸ ਦੀ ਰਿਪੋਰਟ 'ਚ ਲਿਖਿਆ ਹੈ ਕਿ ਮਹਿਪਾਲ ਨੂੰ 'ਕਾਰਡੀਓ-ਪਲਮੋਨਰੀ ਰੋਗ ਸੀ' ਅਤੇ ਕੋਰੋਨਾ ਟੀਕੇ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ।'' ਗਰਗ ਨੇ ਕਿਹਾ ਕਿ ਜਿਨ੍ਹਾਂ ਨੂੰ ਵੀ ਟੀਕਾ ਲਗਾਇਆ ਗਿਆ ਹੈ, ਉਨ੍ਹਾਂ 'ਚੋਂ ਕੁਝ ਨੂੰ ਆਮ ਪਰੇਸ਼ਾਨੀਆਂ ਤਾਂ ਹੋ ਰਹੀਆਂ ਹਨ ਪਰ ਅਜਿਹੀ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਜਿਵੇਂ ਕਿ ਮਹਿਪਾਲ ਨੂੰ ਹੋਈ। ਗਰਗ ਨੇ ਕਿਹਾ ਕਿ ਟੀਕਾ ਲਗਵਾਉਣ ਤੋਂ ਬਾਅਦ ਕੁਝ ਕਰਮੀਆਂ ਨੂੰ ਬੁਖ਼ਾਰ ਆਇਆ ਪਰ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਹੋਰ ਗਲਤ ਪ੍ਰਭਾਵ ਦੀਆਂ ਰਿਪੋਰਟਾਂ ਨੂੰ ਖਾਰਜ ਕੀਤਾ।


DIsha

Content Editor

Related News