ਕੋਰੋਨਾ : ਭਾਰਤ ਨੇ ਇਨ੍ਹਾਂ 3 ਦੇਸ਼ਾਂ ਦੇ ਨਾਗਰਿਕਾਂ ਦਾ ਵੀਜ਼ਾ ਅਸਥਾਈ ਰੂਪ ਨਾਲ ਕੀਤਾ ਰੱਦ
Wednesday, Mar 11, 2020 - 10:24 AM (IST)
ਨਵੀਂ ਦਿੱਲੀ— ਦੁਨੀਆ ਭਰ ਦੇ ਕਰੀਬ 102 ਦੇਸ਼ਾਂ 'ਚ ਕੋਰੋਨਾ ਵਾਇਰਸ ਫੈਲ ਚੁੱਕਾ ਹੈ। ਭਾਰਤ 'ਚ ਵੀ ਇਸ ਵਾਇਰਸ ਕਾਰਨ ਲੋਕਾਂ 'ਚ ਖੌਫ ਹੈ। ਹਾਲਾਂਕਿ ਸਿਹਤ ਮੰਤਰਾਲੇ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਭਾਰਤ ਨੇ ਮੰਗਲਵਾਰ ਨੂੰ 3 ਹੋਰ ਦੇਸ਼ਾਂ ਦੇ ਨਾਗਰਿਕਾਂ ਦੇ ਦੇਸ਼ 'ਚ ਐਂਟਰੀ 'ਤੇ ਅਸਥਾਈ ਰੂਪ ਨਾਲ ਰੋਕ ਲਾ ਦਿੱਤੀ ਹੈ। ਇਸ 'ਚ ਫਰਾਂਸ, ਜਰਮਨੀ ਅਤੇ ਸਪੇਨ ਸ਼ਾਮਲ ਹੈ। ਫਰਾਂਸ, ਜਰਮਨੀ ਅਤੇ ਸਪੇਨ ਤੋਂ ਆਉਣ ਵਾਲੇ ਉਨ੍ਹਾਂ ਨਾਗਰਿਕਾਂ ਦੇ ਨਿਯਮਿਤ ਅਤੇ ਈ-ਵੀਜ਼ਾ 'ਤੇ ਰੋਕ ਲਾ ਦਿੱਤੀ ਗਈ ਹੈ, ਜਿਨ੍ਹਾਂ ਨੇ ਅਜੇ ਤਕ ਭਾਰਤ 'ਚ ਐਂਟਰੀ ਨਹੀਂ ਕੀਤੀ ਹੈ।
ਇਮੀਗ੍ਰੇਸ਼ਨ ਬਿਊਰੋ ਵਲੋਂ ਮੰਗਲਵਾਰ ਦੇਰ ਰਾਤ ਜਾਰੀ ਇਕ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਹੁਣ ਤਕ ਐਂਟਰੀ ਨਾ ਕਰਨ ਵਾਲੇ ਫਰਾਂਸ, ਜਰਮਨੀ ਅਤੇ ਸਪੇਨ ਦੇ ਅਜਿਹੇ ਨਾਗਰਿਕ ਜਿਨ੍ਹਾਂ ਦਾ ਨਿਯਮਿਤ ਅਤੇ ਈ-ਵੀਜ਼ਾ ਹੁਣ ਤਕ ਜਾਰੀ ਹੋ ਚੁੱਕਾ ਹੈ, ਉਸ ਨੂੰ ਤੁਰੰਤ ਪ੍ਰਭਾਵ ਤੋਂ ਮੁਲਤਵੀ ਕੀਤਾ ਜਾਂਦਾ ਹੈ। ਇਸ ਦਰਮਿਆਨ ਕੇਂਦਰੀ ਸਿਹਤ ਮੰਤਰਾਲੇ ਵਲੋਂ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ। ਮੰਤਰਾਲੇ ਨੇ ਮੰਗਲਵਾਰ ਨੂੰ ਲੋਕਾਂ ਨੂੰ ਕਿਹਾ ਕਿ ਉਹ ਚੀਨ, ਇਟਲੀ, ਈਰਾਨ, ਜਾਪਾਨ, ਫਰਾਂਸ, ਸਪੇਨ ਅਤੇ ਜਰਮਨੀ ਦੀ ਯਾਤਰਾ ਕਰਨ ਤੋਂ ਬਚਣ। ਮੰਤਰਾਲੇ ਨੇ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਕੋਰੋਨਾ ਦੇ ਪ੍ਰਸਾਰ ਨੂੰ ਦੇਖਦਿਆਂ ਇਨ੍ਹਾਂ ਦੇਸ਼ਾਂ 'ਚ ਉਹ ਗੈਰ-ਜ਼ਰੂਰੀ ਯਾਤਰਾ ਕਰਨ ਤੋਂ ਬਚਣ। ਇਸ ਤੋਂ ਇਲਾਵਾ ਇਟਲੀ ਅਤੇ ਦੱਖਣੀ ਕੋਰੀਆ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ-19 ਨੈਗੇਟਿਵ ਸਰਟੀਫਿਕੇਟ ਜ਼ਰੂਰੀ ਕਰ ਦਿੱਤਾ ਗਿਆ ਹੈ।