ਕੋਰੋਨਾ ਵਾਇਰਸ : ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸਰਕਾਰ ਦੇਵੇਗੀ 4 ਲੱਖ ਦਾ ਮੁਆਵਜ਼ਾ
Saturday, Mar 14, 2020 - 04:47 PM (IST)
ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 83 ਮਾਮਲੇ ਸਾਹਮਣੇ ਆ ਚੁਕੇ ਹਨ, ਜਿਨ੍ਹਾਂ 'ਚ 2 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਦੇ ਵਧਦੇ ਪ੍ਰਸਾਰ ਦਰਮਿਆਨ ਕੇਂਦਰ ਸਰਕਾਰ ਨੇ ਕੋਵਿਡ-19 ਨੂੰ ਆਫਤ ਐਲਾਨ ਕਰਨ ਦਾ ਫੈਸਲਾ ਕੀਤਾ ਹੈ। ਸਿਹਤ ਮੰਤਰਾਲੇ ਅਨੁਸਾਰ, ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਕਿ ਤਾਂਕਿ ਪੀੜਤਾਂ ਨੂੰ ਸਟੇਟ ਡਿਜਾਸਟਰ ਰਿਸਪਾਂਸ ਫੰਡ ਯਾਨੀ ਐੱਸ.ਡੀ.ਆਰ.ਐੱਫ. ਦੇ ਅਧੀਨ ਮਦਦ ਦਿੱਤੀ ਜਾ ਸਕੇ।
ਪਰਿਵਾਰ ਨੂੰ ਦਿੱਤੀ ਜਾਵੇਗੀ 4 ਲੱਖ ਰੁਪਏ ਦੀ ਆਰਥਿਕ ਮਦਦ
ਕੋਰੋਨਾ ਨੂੰ ਆਫ਼ਤ ਐਲਾਨ ਕਰਦੇ ਹੀ ਕੇਂਦਰ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਵਾਇਰਸ ਦੀ ਲਪੇਟ 'ਚ ਆਏ ਲੋਕਾਂ ਦੀ ਜੇਕਰ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ 4 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਨ੍ਹਾਂ 'ਚੋਂ ਉਨ੍ਹਾਂ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਆਰਥਿਕ ਮਦਦ ਦਿੱਤੀ ਜਾਣ ਦਾ ਪ੍ਰਬੰਧ ਸ਼ਾਮਲ ਹੈ, ਜਿਨ੍ਹਾਂ ਦੀ ਮੌਤ ਕੋਰੋਨਾ ਰਾਹਤ ਮੁਹਿੰਮ ਜਾਂ ਉਸ ਨਾਲ ਜੁੜੀ ਗਤੀਵਿਧੀ ਕਾਰਨ ਹੋਈ ਹੋਵੇ।
ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 83 ਹੋਈ : ਸਿਹਤ ਮੰਤਰਾਲੇ
ਕੋਵਿਡ-19 ਆਫਤ ਐਲਾਨ
ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ,''ਸਰਕਾਰ ਨੇ ਕੋਵਿਡ-19 ਨੂੰ ਆਫਤ ਦੀ ਤਰ੍ਹਾਂ ਲੈਣ ਦਾ ਫੈਸਲਾ ਕੀਤਾ ਹੈ ਤਾਂ ਕਿ ਐੱਸ.ਡੀ.ਆਰ.ਐੱਫ. ਦੇ ਅਧੀਨ ਮਦਦ ਉਪਲੱਬਧ ਕਰਵਾਈ ਜਾ ਸਕੇ।'' ਇਸ ਨੇ ਅੱਗੇ ਕਿਹਾ,''ਕੋਰੋਨਾ ਵਾਇਰਸ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 4 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ, ਜਿਨ੍ਹਾਂ 'ਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੀ ਮੌਤ ਰਾਹਤ ਮੁਹਿੰਮ ਜਾਂ ਇਸ ਨਾਲ ਜੁੜੀ ਗਤੀਵਿਧੀ 'ਚ ਹੋਈ ਹੋਵੇ।''