ਪ੍ਰਧਾਨ ਮੰਤਰੀ ਨੇ ਕੀਤੀ ਸਮੀਖਿਆ ਬੈਠਕ, ਵਿਦੇਸ਼ ਤੋਂ ਦਰਾਮਦ ਹੋਵੇਗੀ 50,000 ਮੀਟ੍ਰਿਕ ਟਨ ਆਕਸੀਜਨ

Saturday, Apr 17, 2021 - 11:36 AM (IST)

ਪ੍ਰਧਾਨ ਮੰਤਰੀ ਨੇ ਕੀਤੀ ਸਮੀਖਿਆ ਬੈਠਕ, ਵਿਦੇਸ਼ ਤੋਂ ਦਰਾਮਦ ਹੋਵੇਗੀ 50,000 ਮੀਟ੍ਰਿਕ ਟਨ ਆਕਸੀਜਨ

ਨਵੀਂ ਦਿੱਲੀ– ਕੋਵਿਡ-19 ਮਹਾਮਾਰੀ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਮੈਡੀਕਲ ਗ੍ਰੇਡ ਆਕਸੀਜਨ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਦੀ ਵਿਸਤਾਰ ਨਾਲ ਸਮੀਖਿਆ ਕੀਤੀ ਅਤੇ ਇਸ ਦੇ ਉਤਪਾਦਨ ਵਿਚ ਤੇਜ਼ੀ ਲਿਆਉਣ ਦਾ ਸੱਦਾ ਦਿੱਤਾ। ਸਮੀਖਿਆ ਬੈਠਕ ਦੌਰਾਨ ਸਿਹਤ, ਉਦਯੋਗਿਕ ਨੀਤੀ ਅਤੇ ਪ੍ਰਮੋਸ਼ਨ ਵਿਭਾਗ, ਇਸਪਾਤ, ਸੜਕ ਟਰਾਂਸਪੋਰਟ ਅਤੇ ਹੋਰ ਮੰਤਰਾਲਿਆਂ ਵਲੋਂ ਸੰਬੰਧਤ ਜਾਣਕਾਰੀਆਂ ਪ੍ਰਧਾਨ ਮੰਤਰੀ ਨਾਲ ਸਾਂਝੀਆਂ ਕੀਤੀਆਂ ਗਈਆਂ। ਬੈਠਕ ਵਿਚ ਤੁਰੰਤ ਰਾਹਤ ਲਈ ਵਿਦੇਸ਼ ਤੋਂ 50,000 ਮੀਟ੍ਰਿਕ ਟਨ ਮੈਡੀਕਲ ਗ੍ਰੇਡ ਦੀ ਆਕਸੀਜਨ ਦਰਾਮਦ ਕਰਨ ਦਾ ਫੈਸਲਾ ਕੀਤਾ ਗਿਆ। ਨਾਲ ਹੀ ਦੇਸ਼ ਵਿਚ 100 ਅਜਿਹੇ ਹਸਪਤਾਲਾਂ ਦੀ ਪਛਾਣ ਕਰਨ ਦਾ ਫੈਸਲਾ ਲਿਆ ਗਿਆ ਜੋ ਆਪਣੇ ਇਥੇ ਪਲਾਂਟ ਲਗਾ ਸਕਣ, ਜਿਸ ਨਾਲ ਦੇਸ਼ ਵਿਚ ਮੈਡੀਕਲ ਗ੍ਰੇਡ ਦੀ ਆਕਸੀਜਨ ਦੀ ਕਮੀ ਨਾ ਰਹੇ।

ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਮੈਡੀਕਲ ਗ੍ਰੇਡ ਦੀ ਆਕਸੀਜਨ ਸਪਲਾਈ ਦੀ ਮੌਜੂਦਾ ਸਥਿਤੀ ਅਤੇ ਕੋਰੋਨਾ ਮਹਾਮਾਰੀ ਤੋਂ ਵਧੇਰੇ ਪ੍ਰਭਾਵਿਤ 12 ਸੂਬਿਆਂ ਵਿਚ ਆਉਂਦੇ 15 ਦਿਨਾਂ ਵਿਚ ਇਸ ਦੇ ਅੰਦਾਜ਼ਨ ਇਸਤੇਮਾਲ ਦੀ ਸਥਿਤੀ ਦੀ ਸਮੀਖਿਆ ਕੀਤੀ। ਇਨ੍ਹਾਂ 12 ਸੂਬਿਆਂ ਵਿਚ ਪੰਜਾਬ, ਹਰਿਆਣਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਕਰਨਾਟਕ, ਕੇਰਲ, ਤਮਿਲਨਾਡੂ ਅਤੇ ਰਾਜਸਥਾਨ ਸ਼ਾਮਲ ਹਨ।

ਇਨ੍ਹਾਂ ਸੂਬਿਆਂ ਵਿਚ ਆਕਸੀਜਨ ਸਪਲਾਈ ਦੀ ਜ਼ਿਲਾਵਾਰ ਸਥਿਤੀ ਬਾਰੇ ਇਕ ਵੇਰਵਾ ਪ੍ਰਧਾਨ ਮੰਤਰੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਲਗਾਤਾਰ ਸੰਪਰਕ ਵਿਚ ਹਨ ਅਤੇ ਅੰਦਾਜ਼ਨ ਮੰਗ ਦਾ ਵੇਰਵਾ ਵੀ ਉਨ੍ਹਾਂ ਨਾਲ ਸਾਂਝਾ ਕੀਤਾ ਗਿਆ ਹੈ। ਇਨ੍ਹਾਂ 12 ਸੂਬਿਆਂ ਨੂੰ ਉਨ੍ਹਾਂ ਦੀਆਂ ਅੰਦਾਜ਼ਨ ਜ਼ਰੂਰਤਾਂ ਦੇ ਹਿਸਾਬ ਨਾਲ ਆਕਸੀਜਨ ਦੀ ਸਪਲਾਈ ਕਰ ਦਿੱਤੀ ਗਈ ਹੈ।

ਆਕਸੀਜਨ ਟੈਂਕਰਾਂ ਲਈ ਖੁੱਲ੍ਹਾ ਰਾਹ, ਪਰਮਿਟ ਤੋਂ ਛੋਟ
ਪ੍ਰਧਾਨ ਮੰਤਰੀ ਨੇ ਹਰ ਪਲਾਂਟ ਦੀ ਸਮਰੱਥਾ ਮੁਤਾਬਕ ਆਕਸੀਜਨ ਉਤਪਾਦਨ ਵਧਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਕਸੀਜਨ ਲਿਜਾਣ ਵਾਲੇ ਟੈਂਕਰਾਂ ਦਾ ਪੂਰੇ ਦੇਸ਼ ਵਿਚ ਬਿਨਾਂ ਰੋਕ ਦੇ ਆਵਾਜਾਈ ਯਕੀਨੀ ਬਣਾਉਣ। ਅਜਿਹੇ ਟੈਂਕਰਾਂ ਨੂੰ ਪਰਮਿਟ ਦੀ ਰਜਿਸਟ੍ਰੇਸ਼ਨ ਤੋਂ ਛੋਟ ਦਿੱਤੀ ਗਈ ਹੈ। ਸਿਲੰਡਰਾਂ ਵਿਚ ਆਕਸੀਜਨ ਭਰਨ ਵਾਲੇ ਪਲਾਂਟਾਂ ਨੂੰ ਵੀ ਸਾਰੀਆਂ ਸਾਵਧਾਨੀਆਂ ਦਾ ਧਿਆਨ ਰੱਖਦੇ ਹੋਏ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸਰਕਾਰ ਨੇ ਉਦਯੋਗਿਕ ਇਸਤੇਮਾਲ ਵਿਚ ਆਉਣ ਵਾਲੇ ਸਿਲੰਡਰਾਂ ਦੇ ਮੈਡੀਕਲ ਆਕਸੀਜਨ ਲਈ ਇਸਤੇਮਾਲ ਦੀ ਇਜਾਜ਼ਤ ਵੀ ਦੇ ਦਿੱਤੀ ਹੈ।


author

Rakesh

Content Editor

Related News