ਗ਼ਰੀਬੀ ਕਾਰਨ ਖ਼ਰਾਬ ਫ਼ੋਨ ਠੀਕ ਨਾ ਕਰਾ ਸਕੇ ਮਾਪੇ,ਪੜ੍ਹਾਈ 'ਚ ਦਿੱਕਤ ਆਉਣ 'ਤੇ ਵਿਦਿਆਰਥੀ ਨੇ ਲਿਆ ਫਾਹਾ

Saturday, Oct 24, 2020 - 11:01 AM (IST)

ਗੋਆ : ਕੋਰੋਨਾ ਮਹਾਮਾਰੀ ਕਾਰਨ ਜਿੱਥੇ ਕਈ ਲੋਕ ਨੌਕਰੀ ਤੋਂ ਹੱਥ ਧੋ ਬੈਠੇ ਹਨ, ਉਥੇ ਹੀ ਕਈ ਬੱਚਿਆਂ ਦੀ ਪੜ੍ਹਾਈ ਵੀ ਖ਼ਰਾਬ ਹੋਈ ਹੈ। ਹਾਲਾਂਕਿ ਬੱਚਿਆਂ ਦੀ ਪੜ੍ਹਾਈ ਲਈ ਸਮਾਰਟਫੋਨਾਂ ਰਾਹੀਂ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ ਪਰ ਇਸੇ ਸਮਾਰਟਫੋਨ ਕਾਰਨ ਇਕ ਘਰ ਦਾ ਚਿਰਾਗ ਬੁੱਝ ਗਿਆ। ਦਰਅਸਲ ਗੋਆ ਦੇ ਸੱਤੀਰੀ ਤਾਲੁਕਾ ਦੇ ਪਾਲ ਪਿੰਡ ਵਿਚ ਰਹਿਣ ਵਾਲੇ 16 ਸਾਲਾ 10ਵੀਂ ਜਮਾਤ ਦੇ ਵਿਦਿਆਰਥੀ ਨੇ ਸਿਰਫ਼ ਇਸ ਕਰਕੇ ਖ਼ੁਦਕੁਸ਼ੀ ਕਰ ਲਈ ਕਿਉਂਕਿ ਉਹ ਜਿਸ ਫੋਨ ਰਾਹੀਂ ਆਨਲਾਈਨ ਕਲਾਸ ਲਗਾ ਰਿਹਾ ਸੀ ਉਸ ਦੀ ਸਕਰੀਨ ਟੁੱਟ ਗਈ ਸੀ। ਗਰੀਬੀ ਕਾਰਨ ਪਰਿਵਾਰ ਫੋਨ ਠੀਕ ਨਹੀਂ ਕਰਵਾ ਸਕਿਆ।

ਦਰਅਸਲ ਕੋਰੋਨਾ ਮਹਾਮਾਰੀ ਕਾਰਨ ਸਕੂਲ ਬੰਦ ਹੋਣ ਕਾਰਨ ਬੱਚਾ ਆਨਲਾਈਨ ਕਲਾਸਾਂ ਲਗਾਉਂਦਾ ਸੀ, ਜਿਸ ਦੇ ਲਈ ਪਿਤਾ ਨੇ ਉਸ ਨੂੰ ਇਕ ਸਮਾਰਟਫੋਨ ਲੈ ਕੇ ਦਿੱਤਾ ਸੀ। 11 ਅਕਤੂਬਰ ਨੂੰ ਬੱਚੇ ਦੇ ਫੋਨ ਦੀ ਸਕਰੀਨ ਟੁੱਟ ਗਈ। ਉਸ ਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ। ਮਾਂ ਨੇ ਬੱਚੇ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਸਮਾਰਟਫੋਨ ਨੂੰ ਇੰਨੀ ਜਲਦੀ ਠੀਕ ਨਹੀਂ ਕਰਵਾਇਆ ਜਾ ਸਕਦਾ, ਕਿਉਂਕਿ ਘਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ ਪਰ ਬੱਚਾ ਇਸ ਨੂੰ ਠੀਕ ਕਰਵਾਉਣ ਦੀ ਜਿੱਦ ਕਰਨ ਲੱਗਾ।

ਇਹ ਵੀ ਪੜ੍ਹੋ: ਹੁਣ ਆਪਣੇ ਯੂਜ਼ਰਸ ਨੂੰ ਵੀਡੀਓ ਹਟਾਉਣ ਦਾ ਕਾਰਣ ਦੱਸੇਗਾ TikTok, ਕਰ ਸਕਦੇ ਹੋ ਅਪੀਲ

ਬੱਚੇ ਦੇ ਪਿਤਾ ਮੁਤਾਬਕ ਜਦੋਂ ਉਹ ਕੰਮ ਤੋਂ ਵਾਪਸ ਆਏ ਤਾਂ ਉਨ੍ਹਾਂ ਦਾ ਬੱਚਾ ਬਹਿਸ ਕਰਨ ਲੱਗਾ। ਜਿਸ 'ਤੇ ਉਨ੍ਹਾਂ ਨੇ ਬੱਚੇ ਨੂੰ ਕਿਹਾ, ਮੇਰੇ ਕੋਲ ਸਿਰਫ 500 ਰੁਪਏ ਹਨ ਅਤੇ ਘਰ ਲਈ ਰਾਸ਼ਨ ਲਿਆਉਣਾ ਹੈ ਤਾਂ ਪੁੱਤਰ ਨੇ ਉਨ੍ਹਾਂ ਨੂੰ ਸਮਾਰਟਫੋਨ ਠੀਕ ਕਰਵਾਉਣ ਲਈ ਸਿਰਫ਼ 4 ਦਿਨਾਂ ਵਿਚ 2000 ਰੁਪਏ ਦਾ ਪ੍ਰਬੰਧ ਕਰਨ ਲਈ ਕਿਹਾ, ਜਿਸ ਨੂੰ ਦੇਣ ਤੋਂ ਉਸ ਨੇ ਇਨਕਾਰ ਕਰ ਦਿੱਤਾ। ਮਾਪਿਆਂ ਦੇ ਆਰਥਿਕ ਹਾਲਾਤਾਂ ਨੂੰ ਨਾ ਸਮਝਦਿਆਂ ਬੱਚੇ ਨੇ ਅਖੀਰ ਵਿਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ 700 ਰੁਪਏ ਕਮਾਉਂਦੇ ਸਨ ਪਰ ਤਾਲਾਬੰਦੀ ਵਿਚ 4 ਮਹੀਨਿਆਂ ਤੋਂ ਉਸ ਕੋਲ ਇਕ ਰੁਪਿਆ ਵੀ ਨਹੀਂ ਹੈ। ਤਾਲਾਬੰਦੀ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਪਹਿਲਾਂ ਦੀ ਤਰ੍ਹਾਂ ਆਮਦਨੀ ਨਹੀਂ ਹੈ। ਉਹ ਹੁਣ ਸਿਰਫ਼ 500 ਰੁਪਏ ਕਮਾ ਪਾਉਂਦੇ ਹਨ। ਉਨ੍ਹਾਂ ਕਿਹਾ ਆਨਲਾਈਨ ਕਲਾਸ ਲਈ ਸਮਾਰਟਫੋਨ ਇਕ ਹੈ ਅਤੇ ਪੜ੍ਹਾਈ ਕਰਨ ਵਾਲੇ ਬੱਚੇ 2 ਹਨ ਪਰ ਵੱਡੇ ਪੁੱਤਰ ਦੀ ਪੜ੍ਹਾਈ ਲਈ ਉਸ ਨੇ ਛੋਟੇ ਬੱਚੇ ਦੀ ਪੜ੍ਹਾਈ ਰੋਕ ਦਿੱਤੀ ਸੀ, ਕਿਉਂਕਿ ਦੋਵਾਂ ਦੀ ਜਮਾਤ ਦਾ ਸਮਾਂ ਲਗਭਗ ਇਕੋ ਸੀ।


cherry

Content Editor

Related News