70 ਲੱਖ ਪ੍ਰਵਾਸੀ ਮਜ਼ਦੂਰਾਂ ਨੇ ਨਹੀਂ ਫੈਲਾਇਆ ਕੋਰੋਨਾ, ਗ੍ਰਹਿ ਰਾਜਾਂ ''ਚ ਨਹੀਂ ਵਧੇ ਨਵੇਂ ਮਾਮਲੇ

Tuesday, Jun 16, 2020 - 01:18 AM (IST)

70 ਲੱਖ ਪ੍ਰਵਾਸੀ ਮਜ਼ਦੂਰਾਂ ਨੇ ਨਹੀਂ ਫੈਲਾਇਆ ਕੋਰੋਨਾ, ਗ੍ਰਹਿ ਰਾਜਾਂ ''ਚ ਨਹੀਂ ਵਧੇ ਨਵੇਂ ਮਾਮਲੇ

ਨਵੀਂ ਦਿੱਲੀ - ਤੱਥ ਅਟੱਲ ਹੁੰਦੇ ਹਨ, ਬਾਕੀ ਤਾਂ ਦੁਨੀਆ ਵਿਸ਼ਵਾਸ 'ਤੇ ਟਿਕੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅਪਲੋਡ ਕੀਤੇ ਗਏ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਬਿਲਕੁਲ ਸਾਫ ਹੋ ਗਿਆ ਹੈ ਕਿ ਤਾਲਾਬੰਦੀ ਵਿਚ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੇ ਕੋਰੋਨਾਵਾਇਰਸ ਨਹੀਂ ਫੈਲਾਇਆ। ਇਹ ਉਸ ਅਨੁਮਾਨ ਦੇ ਬਿਲਕੁਲ ਉਲਟ ਹੈ ਜੋ ਸਰਕਾਰ ਦੇ ਨੀਤੀ ਨਿਰਮਾਤਾਵਾਂ ਅਤੇ ਮਾਹਿਰਾਂ ਨੇ ਲਗਾਇਆ ਸੀ।

ਉਨ੍ਹਾਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਦੱਸਿਆ ਸੀ ਕਿ ਜੇਕਰ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਪਰਤਣ ਦਿੱਤਾ ਗਿਆ ਤਾਂ ਉਹ ਕੋਰੋਨਾਵਾਇਰਸ ਫੈਲਾਉਣਗੇ। ਇਨਾਂ ਅਨੁਮਾਨਾਂ ਦੇ ਕਾਰਨ ਯੂ. ਪੀ. ਅਤੇ ਬਿਹਾਰ ਜਿਹੇ ਮਜ਼ਦੂਰਾਂ ਦੇ ਮੂਲ ਰਾਜਾਂ ਨੇ ਉਨ੍ਹਾਂ ਦੀ ਵਾਪਸੀ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਜਿਸ ਨਾਲ ਉਨ੍ਹਾਂ ਨੂੰ ਮੁਸ਼ਕਿਲਾਂ ਅਤੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ।

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਬਿਹਾਰ, ਯੂ. ਪੀ. ਅਤੇ ਪੱਛਮੀ ਬੰਗਾਲ ਜਿਹੇ ਪ੍ਰਵਾਸੀ ਮਜ਼ਦੂਰਾਂ ਦੇ ਮੂਲ ਰਾਜਾਂ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਕੋਈ ਚਿੰਤਾਜਨਕ ਵਾਧਾ ਨਹੀਂ ਦੇਖਿਆ ਗਿਆ। ਸੱਚ ਤਾਂ ਇਹ ਹੈ ਕਿ 7 ਜੂਨ ਤੋਂ 13 ਜੂਨ ਦੇ ਵਿਚਾਲੇ ਦੇ ਅਧਿਐਨ ਕੀਤੇ ਗਏ ਦਿਨਾਂ ਵਿਚ ਬਿਹਾਰ ਵਿਚ ਕੋਰੋਨਾ ਮਾਮਲਿਆਂ ਵਿਚ ਕਮੀ ਦਰਜ ਕੀਤੀ ਗਈ। ਯੂ. ਪੀ. ਦੇ ਸ਼ਹਿਰਾਂ ਵਿਚ ਅੰਸ਼ਕ ਵਾਧਾ ਹੋਇਆ, ਪਿੰਡਾਂ ਵਿਚ ਤਾਂ ਬਿਲਕੁਲ ਨਵੇਂ ਮਾਮਲੇ ਨਹੀਂ ਆਏ। ਯੂ. ਪੀ. ਵਿਚ 7 ਜੂਨ ਨੂੰ 400 ਮਾਮਲੇ ਸਨ, ਜੋ 13 ਜੂਨ ਨੂੰ ਵਧ ਕੇ 528 ਤੱਕ ਪਹੁੰਚ ਗਏ।

ਪੱਛਮੀ ਬੰਗਾਲ ਵਿਚ 7 ਤੋਂ 13 ਜੂਨ ਵਿਚਾਲੇ 435-476 ਦੇ ਨੇੜੇ ਮਾਮਲੇ ਹਰ ਰੋਜ਼ ਰਹੇ। ਉਂਝ ਰਾਜ ਅਤੇ ਕੇਂਦਰ ਸਰਕਾਰ ਜੋ ਅੰਕੜੇ ਦੇ ਰਹੀ ਹੈ, ਉਹ ਆਪਸ ਵਿਚ ਮੇਲ ਨਹੀਂ ਖਾਂਦੇ। ਮੋਟੇ-ਮੋਟੇ ਅਨੁਮਾਨ ਮੁਤਾਬਕ ਕਰੀਬ 70 ਲੱਖ ਮਜ਼ਦੂਰ ਵੱਖ-ਵੱਖ ਰਾਜਾਂ ਤੋਂ ਆਪਣੇ ਮੂਲ ਰਾਜ ਪਰਤੇ।

ਦਿੱਲੀ, ਮਹਾਰਾਸ਼ਟਰ ਅਤੇ ਪੰਜਾਬ ਜਿਹੇ ਰਾਜ, ਜਿਥੋਂ ਲੱਖਾਂ ਪ੍ਰਵਾਸੀ ਮਜ਼ਦੂਰ ਚਲੇ ਗਏ, ਉਹ ਕੋਰੋਨਾ ਦੀ ਜਬਰਦਸ਼ਤ ਮਾਰ ਝੇਲ ਰਹੇ ਹਨ। 7 ਜੂਨ ਤੋਂ 13 ਜੂਨ ਵਿਚਾਲੇ ਇਨਾਂ ਰਾਜਾਂ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਤੇਜ਼ੀ ਦੇਖੀ ਗਈ। ਮਹਾਰਾਸ਼ਟਰ ਵਿਚ 7 ਜੂਨ ਨੂੰ 2739 ਮਾਮਲੇ ਸਨ, ਜੋ 13 ਜੂਨ ਨੂੰ ਵਧ ਕੇ 3493 ਤੱਕ ਪਹੁੰਚ ਗਏ। ਦਿੱਲੀ ਵਿਚ ਇਸ ਦੌਰਾਨ 1320 ਤੋਂ ਵਧ ਕੇ 2126 ਮਾਮਲੇ ਹੋ ਗਏ।

ਇਸ ਤਰ੍ਹਾਂ ਪੰਜਾਬ ਵਿਚ 54 ਤੋਂ ਵਧ ਕੇ 99 ਭਾਵ ਦੁਗਣੇ ਪਹੁੰਚ ਗਏ। ਇਨਾਂ ਰਾਜਾਂ ਨੂੰ ਲੈ ਕੇ ਇਕ ਸਕਾਰਾਤਮਕ ਗੱਲ ਇਹ ਹੈ ਕਿ ਇਥੇ ਟੈਸਟਿੰਗ ਵੀ ਉਸੇ ਅਨੁਪਾਤ ਵਿਚ ਵਧੀ। ਇਹ ਕਿਹਾ ਜਾ ਸਕਦਾ ਹੈ ਕਿ ਜੇਕਰ ਸਰਕਾਰਾਂ ਥੋੜਾ ਜ਼ਿਆਦਾ ਸਮਝਦਾਰੀ ਨਾਲ ਕੰਮ ਲੈਂਦੀਆਂ ਤਾਂ ਪ੍ਰਵਾਸੀ ਮਜ਼ਦੂਰਾਂ ਦੀ ਪਰੇਸ਼ਾਨੀ ਘੱਟ ਹੋ ਸਕਦੀ ਸੀ।


author

Khushdeep Jassi

Content Editor

Related News