ਕੋਰੋਨਾ ਨਾਲ ਜੂਝ ਰਹੇ ਡਾਕਟਰ ਤੇ ਸਿਹਤ ਕਰਮਚਾਰੀ ਯੋਧਾ ਹਨ, ਇਨ੍ਹਾਂ ਦੀ ਸੁਰੱਖਿਆ ਕਰਨੀ ਹੋਵੇਗੀ : SC

04/08/2020 6:56:58 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕੋਰੋਨਾ ਮਹਾਮਾਰੀ ਖਿਲਾਫ ਚੱਲ ਰਹੀ ਲੜਾਈ ’ਚ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਨੂੰ ਯੋਧਾ ਦੱਸਦੇ ਹੋਏ ਬੁੱਧਵਾਰ ਨੂੰ ਕੇਂਦਰ ਨੂੰ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਸੁਰੱਖਿਆ ਕਰਨੀ ਹੋਵੇਗੀ। ਸਿਖਰਲੀ ਅਦਾਲਤ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ਇਸ ਵਾਇਰਸ ਦੇ ਇਲਾਜ, ਘਰਾਂ ਤੋਂ ਕੰਮ ਕਰਨ ਦੀ ਵਿਵਸਥਾ ਅਤੇ ਲਾਕਡਾਊਨ ਸਮੇਤ ਕੋਵਿਡ-19 ਨਾਲ ਜੁੜੇ ਸਾਰੇ ਮੁੱਦਿਆਂ ਨਾਲ ਨਜਿੱਠਣ ਬਾਰੇ ਜਨਤਾ ਦੀ ਰਾਏ ਪ੍ਰਾਪਤ ਕਰਨ ਦੀ ਵਿਵਸਥਾ ਕਰਨੀ ਚਾਹੀਦੀ ਹੈ।
ਜੱਜ ਅਸ਼ੋਕ ਭੂਸ਼ਣ ਅਤੇ ਜੱਜ ਐੱਸ. ਰਵਿੰਦਰ ਭੱਟ ਦੀ ਬੈਂਚ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮਾਮਲੇ ਦੀ ਸੁਣਵਾਈ ਦੌਰਾਨ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਲਈ ਵਿਅਕਤੀਗਤ ਸੁਰੱਖਿਆ ਉਪਕਰਨ (ਪੀ. ਪੀ. ਈ.) ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਇਸ ਸਬੰਧ ’ਚ ਸਾਰੇ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਨੇ ਬੈਂਚ ਨੂੰ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਜੰਗ ਲੜ ਰਹੇ ਡਾਕਟਰ, ਨਰਸਿੰਗ ਸਟਾਫ ਅਤੇ ਦੂਜੇ ਸਿਹਤ ਕਰਮਚਾਰੀ ਕੋਰੋਨਾ ਯੋਧਾ ਹਨ ਅਤੇ ਸਰਕਾਰ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਯਕੀਨੀ ਬਣਾ ਰਹੀ ਹੈ। ਮਹਿਤਾ ਨੇ ਹਸਪਤਾਲਾਂ ਦੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਦੀ ਤਨਖਾਹ ਬਾਰੇ ਆ ਰਹੀਆਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਕਿ ਕੇਂਦਰ ਸਾਰੇ ਸੂਬਿਆਂ ਨੂੰ ਪੱਤਰ ਲਿਖ ਰਿਹਾ ਹੈ ਕਿ ਪੀ. ਪੀ. ਈ. ਅਤੇ ਮਾਸਕ ਦੀ ਖਰੀਦ ਲਈ ਕਿਸੇ ਦੀ ਤਨਖਾਹ ’ਚੋਂ ਕਟੌਤੀ ਨਹੀਂ ਕੀਤੀ ਜਾਣੀ ਚਾਹੀਦੀ। ਸੁਣਵਾਈ ਦੌਰਾਨ ਇਕ ਪਟੀਸ਼ਨਕਰਤਾ ਨੇ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮਚਾਰੀਆਂ ਨੂੰ ਡਬਲਯੂ. ਐੱਚ. ਓ. ਦੀ ਮਾਨਤਾ ਵਾਲੀਆਂ ਪੀ. ਪੀ. ਈ. ਕਿੱਟਾਂ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਰੇ ਸਿਹਤ ਕਰਮਚਾਰੀਆਂ ਨੂੰ ਕਲਫ ਲੱਗੇ ਕੱਪੜੇ, ਮੈਡੀਕਲ ਮਾਸਕ, ਚਸ਼ਮਾ ਆਦਿ ਉਪਲਬਧ ਹੋਣਾ ਚਾਹੀਦਾ ਹੈ।


Gurdeep Singh

Content Editor

Related News