ਕੋਰੋਨਾ ਆਫ਼ਤ: ਇਸ ਸਾਲ ਵੀ ਅਮਰਨਾਥ ਯਾਤਰਾ ’ਤੇ ‘ਕੋਰੋਨਾ’ ਦਾ ਸਾਇਆ
Thursday, May 27, 2021 - 12:22 PM (IST)

ਜੰਮੂ— ਅਮਰਨਾਥ ਯਾਤਰਾ ਨੂੰ ਲੈ ਕੇ ਇਸ ਸਾਲ ਵੀ ਸ਼ੰਕਾ ਬਣੀ ਹੋਈ ਹੈ ਕਿ ਯਾਤਰਾ ਹੋਵੇਗੀ ਜਾਂ ਨਹੀਂ। ਦਰਅਸਲ ਕੋਰੋਨਾ ਦਾ ਖ਼ਤਰਾ ਅਮਰਨਾਥ ਯਾਤਰਾ ’ਤੇ ਮੰਡਰਾ ਰਿਹਾ ਹੈ। ਦੇਸ਼ ’ਚ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਪਿਛਲੇ ਇਕ ਮਹੀਨੇ ਤੋਂ ਐਡਵਾਂਸ ਯਾਤਰਾ ਰਜਿਸਟ੍ਰੇਸ਼ਨ ਰੁਕੀ ਪਈ ਹੈ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਅਮਰਨਾਥ ਯਾਤਰਾ ਹੋ ਸਕਣਾ ਸੰਭਵ ਨਹੀਂ ਹੋਵੇਗਾ। ਹਾਲਾਂਕਿ ਅਮਰਨਾਥ ਸ਼ਰਾਈਨ ਬੋਰਡ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਕੁਝ ਵੀ ਖੁੱਲ੍ਹ ਕੇ ਨਹੀਂ ਕਹਿ ਰਹੇ ਹਨ।
ਦੱਸ ਦੇਈਏ ਕਿ ਯਾਤਰਾ ਇਸ ਸਾਲ 28 ਜੂਨ ਤੋਂ ਸ਼ੁਰੂ ਹੋਣੀ ਹੈ, ਜੋ ਕਿ 56 ਦਿਨ ਤੱਕ ਚੱਲਣੀ ਹੈ। ਅਜੇ ਤੱਕ ਤਿਆਰੀਆਂ ਨੂੰ ਵੀ ਆਖ਼ਰੀ ਰੂਪ ਨਹੀਂ ਦਿੱਤਾ ਗਿਆ ਹੈ। ਯਾਤਰਾ ਲਈ ਅਪ੍ਰੈਲ ਵਿਚ ਐਡਵਾਂਸ ਯਾਤਰਾ ਰਜਿਸਟ੍ਰੇਸ਼ਨ ਸ਼ੁਰੂ ਹੋਈ ਸੀ ਪਰ ਕੁਝ ਦਿਨ ਬਾਅਦ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਉੱਥੇ ਹੀ ਸ਼ਰਾਈਨ ਬੋਰਡ ਨੇ ਉਮੀਦ ਜਤਾਈ ਸੀ ਕਿ ਇਸ ਵਾਰ 6 ਲੱਖ ਤੋਂ ਵਧੇਰੇ ਯਾਤਰੀ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਨੂੰ ਆਉਣਗੇ।
ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਕੋਰੋਨਾ ਕਾਰਨ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ। ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਆਨਲਾਈਨ ਸਹੂਲਤ ਜਾਰੀ ਕੀਤੀ ਗਈ ਸੀ। ਦੂਰਦਰਸ਼ਨ ’ਤੇ ਬਾਬਾ ਅਮਰਨਾਥ ਦੇ ਸਵੇਰੇ ਅਤੇ ਸ਼ਾਮ ਦੀ ਆਰਤੀ ਦੇ ਦਰਸ਼ਨ ਕਰਵਾਏ ਜਾਂਦੇ ਸਨ।