ਦੁਰਗਾ ਪੂਜਾ ਪੰਡਾਲ ’ਚ ਮਮਤਾ ਬੈਨਰਜੀ ਦੀ ‘ਮੂਰਤੀ’ ਲਾਉਣ ’ਤੇ ਵਿਵਾਦ, BJP ਨੇ ਬੋਲਿਆ ਹਮਲਾ
Saturday, Sep 04, 2021 - 11:45 AM (IST)
ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ’ਚ ਦੁਰਗਾ ਪੂਜਾ ਦੇ ਆਯੋਜਕ ਵਲੋਂ ਆਪਣੇ ਪੰਡਾਲ ’ਚ ਦੁਰਗਾ ਮਾਂ ਦੇ ਨਾਲ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੂਰਤੀ ਲਾਉਣ ਦੇ ਫੈਸਲੇ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਵਿਰੋਧੀ ਪਾਰਟੀ ਭਾਜਪਾ ਨੇ ਇਸ ’ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਇਸ ਕਦਮ ਨੂੰ ਨਫਰਤ ਭਰਿਆ ਅਤੇ ਸੂਬੇ ਦੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਹੈ। ਪ੍ਰਸਿੱਧ ਮੂਰਤੀਕਾਰ ਮਿੰਟੂ ਆਪਣੇ ਸਟੂਡੀਓ ’ਚ ਫਾਈਬਰ ਗਲਾਸ ਦੀ ਇਕ ਮੂਰਤੀ ਬਣਾ ਰਹੇ ਹਨ ਜਿਸ ਵਿਚ ‘ਦੇਵੀ’ ਨੂੰ ਤ੍ਰਿਣਮੂਲ ਕਾਂਗਰਸ ਦੀ ਮੁਖੀ ਦੀ ਪਸੰਦ ਵਾਲੀ ਚਿੱਟੇ ਦੰਦ ਦੀ ਤਾਂਤ ਦੀ ਸਾੜ੍ਹੀ ਪਹਿਨਾਈ ਗਈ ਹੈ, ਨਾਲ ਹੀ ਉਨ੍ਹਾਂ ਦੀ ਪਛਾਣ ਬਣ ਚੁੱਕੀ ਫਲਿਪ-ਫਲਾਪ ਚੱਪਲ ਪਹਿਨਾਈ ਗਈ ਹੈ। ਭਾਜਪਾ ਨੇ ਇਸ ਨੂੰ ਦੇਵੀ ਦੁਰਗਾ ਦਾ ਅਪਮਾਨ ਦੱਸਿਆ ਹੈ।
ਓਧਰ ਮੂਰਤੀਕਾਰ ਪਾਲ ਨੇ ਕਿਹਾ ਕਿ ਮੈਂ ਮਾਣਯੋਗ ਮੁੱਖ ਮੰਤਰੀ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਵੇਖਿਆ। ਮੂਰਤੀ ਦਾ ਚਿਹਰਾ ਬਣਾਉਂਦੇ ਹੋਏ ਇਹ ਵੇਖਿਆ ਕਿ ਉਹ ਕਿਸ ਤਰੀਕੇ ਨਾਲ ਚਲਦੀ, ਬੋਲਦੀ ਅਤੇ ਲੋਕਾਂ ਨਾਲ ਗੱਲਬਾਤ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਦੇਵੀ ਦੇ 10 ਹੱਥਾਂ ’ਚ ਹਥਿਆਰਾਂ ਦੀ ਬਜਾਏ ਕੰਨਿਆਸ਼੍ਰੀ, ਸਿਹਤਮੰਦ ਸਾਥੀ, ਰੂਪਾਸ਼੍ਰੀ, ਸਬੁਜਸਾਥੀ ਅਤੇ ਲਕਸ਼ਮੀ ਭੰਡਾਰ ਵਰਗੀਆਂ ਸਰਕਾਰ ਦੀਆਂ ਯੋਜਨਾਵਾਂ ਵਿਖਾਈਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਆਯੋਜਕ ਉਨ੍ਹਾਂ ਦੀ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਕਈ ਵਿਕਾਸ ਪ੍ਰਾਜੈਕਟਾਂ ਬਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ, ਜਿਨ੍ਹਾਂ ਦੀ ਗਲੋਬਲ ਪੱਧਰ ’ਤੇ ਸ਼ਲਾਘਾ ਕੀਤੀ ਗਈ ਹੈ। ਫ਼ਿਲਹਾਲ ਭਾਜਪਾ ਨੇ ਇਸ ’ਤੇ ਨਾਰਾਜ਼ਗੀ ਜਤਾਈ ਹੈ।
ਭਾਜਪਾ ਪਾਰਟੀ ਦੇ ਆਈ. ਟੀ. ਵਿਭਾਗ ਦੇ ਮੁਖੀ ਅਮਿਤ ਮਾਲਵੀਯ ਨੇ ਟਵੀਟ ਕੀਤਾ ਕਿ ਬੰਗਾਲ ’ਚ ਚੋਣਾਂ ਮਗਰੋਂ ਗੰਭੀਰ ਹਿੰਸਾ ਤੋਂ ਬਾਅਦ ਮਮਤਾ ਬੈਨਰਜੀ ਨੂੰ ਦੇਵੀ ਦੇ ਰੂਪ ’ਚ ਵਿਖਾਉਣਾ ਨਫ਼ਰਤ ਪੈਦਾ ਕਰਨ ਵਾਲਾ ਹੈ ਕਿਉਂਕਿ ਉਨ੍ਹਾਂ ਦੇ ਹੱਥ ਬੇਕਸੂਰ ਬੰਗਾਲੀਆਂ ਦੇ ਖੂਨ ਨਾਲ ਰੰਗੇ ਹਨ। ਇਹ ਦੇਵੀ ਦੁਰਗਾ ਦਾ ਅਪਮਾਨ ਹੈ। ਮਮਤਾ ਬੈਨਰਜੀ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ। ਉਹ ਬੰਗਾਲ ਦੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ।
ਓਧਰ ਨੰਦੀਗ੍ਰਾਮ ਤੋਂ ਭਾਜਪਾ ਵਿਧਾਇਕ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਜਦੋਂ ਕੋਈ ਸਿਰਫ਼ ਖੁਸ਼ ਕਰਨ ਲਈ ਤੁਹਾਨੂੰ ਭਗਵਾਨ ਦੇ ਬਰਾਬਰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਹਾਡੀ ਚੁੱਪੀ ਸਹਿਮਤੀ ਦਾ ਇਸ਼ਾਰਾ ਕਰਦੀ ਹੈ। ਇਸ ਦਾ ਮਤਲਬ ਹੈ ਕਿ ਤੁਹਾਡਾ ਹੰਕਾਰ ਅਜਿਹੇ ਪੱਧਰ ਤਕ ਪਹੁੰਚ ਗਿਆ ਹੈ। ਦੱਸ ਦੇਈਏ ਕਿ ਸ਼ਹਿਰ ਦੇ ਉੱਤਰੀ ਹਿੱਸੇ ਵਿਚ ਸਥਿਤ ਕੇਸ਼ਟੋਪੁਰ ਦੀ ਉੱਨਤੀ ਕਮੇਟੀ ਵਲੋਂ ਪੂਜਾ ਦੇ ਇਕ ਆਯੋਜਕ ਨੇ ਕਿਹਾ ਕਿ ਪੂਰੇ ਪੰਡਾਲ ਦੀ ਥੀਮ ਲਕਸ਼ਮੀ ਭੰਡਾਰ ਦੀ ਹੋਵੇਗੀ। ਲਕਸ਼ਮੀ ਭੰਡਾਰ ਸਰਕਾਰ ਦੀ ਇਕ ਆਮਦਨ ਸਹਾਇਤਾ ਯੋਜਨਾ ਹੈ, ਜਿਸ ਦੇ ਤਹਿਤ ਕਿਸੇ ਘਰ ਦੀ ਮਹਿਲਾ ਮੁਖੀਆ ਨੂੰ ਪ੍ਰਤੀ ਮਹੀਨੇ 500-1000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।