ਅਯੁੱਧਿਆ ’ਚ ਸ਼੍ਰੀਰਾਮ ਜਨਮ-ਭੂਮੀ ਮੰਦਰ ਨਿਰਮਾਣ ਕਾਰਜ ਮੁਕੰਮਲ, ਟਰੱਸਟ ਨੇ ਦਿੱਤੀ ਜਾਣਕਾਰੀ

Tuesday, Oct 28, 2025 - 11:42 AM (IST)

ਅਯੁੱਧਿਆ ’ਚ ਸ਼੍ਰੀਰਾਮ ਜਨਮ-ਭੂਮੀ ਮੰਦਰ ਨਿਰਮਾਣ ਕਾਰਜ ਮੁਕੰਮਲ, ਟਰੱਸਟ ਨੇ ਦਿੱਤੀ ਜਾਣਕਾਰੀ

ਨੈਸ਼ਨਲ ਡੈਸਕ : ਸ਼੍ਰੀਰਾਮ ਜਨਮ-ਭੂਮੀ ਤੀਰਥ ਖੇਤਰ ਟਰੱਸਟ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸ਼੍ਰੀਰਾਮ ਜਨਮ-ਭੂਮੀ ਮੰਦਰ ਦੇ ਨਿਰਮਾਣ ਨਾਲ ਸਬੰਧਤ ਸਾਰੇ ਪ੍ਰਮੁੱਖ ਕਾਰਜ ਮੁਕੰਮਲ ਹੋ ਚੁੱਕੇ ਹਨ। ਟਰੱਸਟ ਨੇ ਆਪਣੇ ਅਧਿਕਾਰਤ ‘ਐਕਸ’ ਅਕਾਊਂਟ ’ਤੇ ਪੋਸਟ ਕਰਦੇ ਹੋਏ ਕਿਹਾ ਕਿ ਸਾਰੇ ਸ਼੍ਰੀਰਾਮ ਭਗਤਾਂ ਨੂੰ ਇਹ ਜਾਣਕਾਰੀ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੰਦਰ ਨਿਰਮਾਣ ਸਬੰਧੀ ਸਾਰੇ ਕਾਰਜ ਮੁਕੰਮਲ ਹੋ ਗਏ ਹਨ। ਟਰੱਸਟ ਅਨੁਸਾਰ, ਮੁੱਖ ਮੰਦਰ ਦੇ ਨਾਲ ਹੀ ਪਰਕੋਟਾ ਖੇਤਰ ਦੇ ਭਗਵਾਨ ਸ਼ਿਵ, ਭਗਵਾਨ ਗਣੇਸ਼, ਭਗਵਾਨ ਹਨੂੰਮਾਨ, ਸੂਰਿਆਦੇਵ, ਦੇਵੀ ਭਗਵਤੀ, ਦੇਵੀ ਅੰਨਪੂਰਨਾ ਅਤੇ ਸ਼ੇਸ਼ਾਵਤਾਰ ਮੰਦਰਾਂ ਦੇ ਵੀ ਨਿਰਮਾਣ ਕਾਰਜ ਮੁਕੰਮਲ ਹੋ ਚੁੱਕੇ ਹਨ। ਇਨ੍ਹਾਂ ਸਾਰਿਆਂ ’ਤੇ ਝੰਡੇ ਅਤੇ ਕਲਸ਼ ਸਥਾਪਤ ਕੀਤੇ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਸਪਤ ਮੰਡਪ ਜਿਨ੍ਹਾਂ ’ਚ ਮਹਾਰਿਸ਼ੀ ਵਾਲਮੀਕਿ, ਵਸ਼ਿਸ਼ਠ, ਵਿਸ਼ਵਾਮਿੱਤਰ, ਮਹਾਰਿਸ਼ੀ ਅਗਸਤਯ, ਨਿਸ਼ਾਦਰਾਜ, ਸ਼ਬਰੀ ਅਤੇ ਰਿਸ਼ੀ ਪਤਨੀ ਅਹਿਲਿਆ ਮੰਦਰ ਸ਼ਾਮਲ ਹਨ, ਦਾ ਵੀ ਨਿਰਮਾਣ ਪੂਰਾ ਹੋ ਚੁੱਕਿਆ ਹੈ। ਨਾਲ ਹੀ ਸੰਤ ਤੁਲਸੀਦਾਸ ਮੰਦਰ ਅਤੇ ਜਟਾਯੂ ਅਤੇ ਗਲਹਿਰੀ ਦੀਆਂ ਮੂਰਤੀਆਂ ਵੀ ਸਥਾਪਤ ਕਰ ਦਿੱਤੀਆਂ ਗਈਆਂ ਹਨ। ਟਰੱਸਟ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਅਤੇ ਪ੍ਰਬੰਧਾਂ ਨਾਲ ਜੁਡ਼ੇ ਸਾਰੇ ਕਾਰਜ ਪੂਰੇ ਕਰ ਲਏ ਗਏ ਹਨ। ਹੁਣ ਸਿਰਫ ਉਹ ਨਿਰਮਾਣ ਕਾਰਜ ਜਾਰੀ ਹਨ, ਜਿਨ੍ਹਾਂ ਦਾ ਸਿੱਧਾ ਸਬੰਧ ਜਨਤਾ ਨਾਲ ਨਹੀਂ ਹੈ, ਜਿਵੇਂ ਕਿ 3.5 ਕਿਲੋਮੀਟਰ ਲੰਮੀ ਚਾਰਦੀਵਾਰੀ, ਟਰੱਸਟ ਦਫ਼ਤਰ, ਗੈਸਟ ਹਾਊਸ ਅਤੇ ਆਡੋਟੋਰੀਅਮ ਦਾ ਨਿਰਮਾਣ। ਬਿਆਨ ’ਚ ਕਿਹਾ ਗਿਆ ਕਿ ਮੰਦਰ ਕੰਪਲੈਕਸ ਦੀਆਂ ਸੜਕਾਂ, ਫਲੋਰਿੰਗ, ਹਰਿਆਲੀ ਅਤੇ ਲੈਂਡਸਕੇਪਿੰਗ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਇਸ ਦੇ ਤਹਿਤ ਲੱਗਭਗ 10 ਏਕੜ ਖੇਤਰ ’ਚ ‘ਪੰਚਵਟੀ’ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਇਸ ਐਲਾਨ ਦੇ ਨਾਲ ਹੀ ਅਯੁੱਧਿਆ ’ਚ ਰਾਮਲੱਲਾ ਦੇ ਅਲੌਕਿਕ ਮੰਦਰ ਦੇ ਨਿਰਮਾਣ ਕਾਰਜ ਮੁਕੰਮਲ ਹੋਣ ਦੀ ਰਸਮੀ ਜਾਣਕਾਰੀ ਸਾਹਮਣੇ ਆ ਗਈ ਹੈ, ਜਿਸ ਨਾਲ ਰਾਮ ਭਗਤਾਂ ’ਚ ਉਤਸ਼ਾਹ ਦੀ ਲਹਿਰ ਹੈ।
 


author

Shubam Kumar

Content Editor

Related News