ਮੋਦੀ ਦੀਆਂ ਗਲਤ ਨੀਤੀਆਂ ਨਾਲ 14 ਕਰੋੜ ਨੌਜਵਾਨ ਹੋਏ ਬੇਰੋਜ਼ਗਾਰ : ਰਾਹੁਲ ਗਾਂਧੀ

08/09/2020 4:38:01 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ 'ਚ 14 ਕਰੋੜ ਨੌਜਵਾਨ ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਹਨ। ਰਾਹੁਲ ਨੇ ਐਤਵਾਰ ਨੂੰ ਇਕ ਵੀਡੀਓ ਸੰਦੇਸ਼ 'ਚ ਕਿਹਾ,''ਜਦੋਂ ਸ਼੍ਰੀ ਮੋਦੀ ਪ੍ਰਧਾਨ ਮੰਤਰੀ ਬਣੇ ਸਨ, ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਵਾਅਦਾ ਕੀਤਾ ਸੀ ਕਿ ਉਹ 2 ਕਰੋੜ ਨੌਜਵਾਨਾਂ ਨੂੰ ਹਰ ਸਾਲ ਰੋਜ਼ਗਾਰ ਦਿਵਾਉਣਗੇ। ਬਹੁਤ ਵੱਡਾ ਸੁਫ਼ਨਾ ਦਿੱਤਾ, ਸੱਚਾਈ ਨਿਕਲੀ, 14 ਕਰੋੜ ਲੋਕਾਂ ਨੂੰ ਉਨ੍ਹਾਂ ਦੀਆਂ ਨੀਤੀਆਂ ਨੇ ਬੇਰੋਜ਼ਗਾਰ ਬਣਾ ਦਿੱਤਾ ਹੈ।''

ਉਨ੍ਹਾਂ ਨੇ ਕਿਹਾ ਕਿ ਇਹ ਸਭ ਸ਼੍ਰੀ ਮੋਦੀ ਦੀਆਂ ਗਲਤ ਨੀਤੀਆਂ ਨੋਟਬੰਦੀ, ਗਲਤ ਜੀ.ਐੱਸ.ਟੀ. ਅਤੇ ਫਿਰ ਤਾਲਾਬੰਦੀ 'ਚ ਉਨ੍ਹਾਂ ਦੀ ਨੀਤੀ ਕਾਰਨ ਹੋਇਆ। ਉਨ੍ਹਾਂ ਦੇ ਇਨ੍ਹਾਂ ਤਿੰਨ ਕਦਮਾਂ ਨੇ ਦੇਸ਼ ਦੇ ਢਾਂਚੇ ਨੂੰ ਖਤਮ ਕਰ ਦਿੱਤਾ ਹੈ, ਨਸ਼ਟ ਕਰ ਦਿੱਤਾ ਹੈ ਅਤੇ ਹੁਣ ਸੱਚਾਈ ਇਹ ਹੈ ਕਿ ਹਿੰਦੁਸਤਾਨ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਸਕਦਾ ਹੈ, ਇਸ ਲਈ ਯੂਥ ਕਾਂਗਰਸ ਜ਼ਮੀਨ 'ਤੇ ਉਤਰ ਰਹੀ ਹੈ ਅਤੇ ਇਸ ਮੁੱਦੇ ਨੂੰ ਉਹ ਹਰ ਕਸਬੇ, ਸੜਕਾਂ 'ਤੇ ਚੁੱਕੇ ਅਤੇ ਪੂਰੇ ਦਮ ਨਾਲ ਚੁੱਕਦੀ ਰਹੇ। ਕਾਂਗਰਸ ਨੇਤਾ ਨੇ ਕਿਹਾ,''ਰੋਜ਼ਗਾਰ ਦਿਓ ਪ੍ਰੋਗਰਾਮ' ਨਾਲ ਤੁਸੀਂ ਸਾਰੇ ਜੁੜੋ ਅਤੇ ਯੂਥ ਕਾਂਗਰਸ ਨਾਲ ਮਿਲ ਕੇ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਓ। ਮੈਂ ਯੂਥ ਕਾਂਗਰਸ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਤੁਹਾਡਾ ਸਥਾਪਨਾ ਦਿਵਸ ਹੈ, ਲੱਗੇ ਰਹੋ, ਹਿੰਦੁਸਤਾਨ ਦੇ ਨੌਜਵਾਨਾਂ ਲਈ ਲੜੋ।''


DIsha

Content Editor

Related News