ਸਰਕਾਰ ਡਿਗਾਉਣ ਲਈ ਕਾਂਗਰਸ ਵਿਧਾਇਕਾਂ ਨੂੰ 100 ਕਰੋੜ ਦੀ ਪੇਸ਼ਕਸ਼, ਕਾਂਗਰਸੀ ਵਿਧਾਇਕ ਨੇ ਭਾਜਪਾ ’ਤੇ ਲਾਏ ਦੋਸ਼
Monday, Nov 18, 2024 - 09:17 PM (IST)
ਮਾਂਡਿਆ (ਭਾਸ਼ਾ)– ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕੁਝ ਦਿਨ ਪਹਿਲਾਂ ਭਾਜਪਾ ’ਤੇ ਦੋਸ਼ ਲਾਇਆ ਸੀ ਕਿ ਉਹ ਸੂਬੇ ਵਿਚ ਸਰਕਾਰ ਡਿਗਾਉਣ ਲਈ ਕਾਂਗਰਸੀ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ 50 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ ਅਤੇ ਹੁਣ ਉਨ੍ਹਾਂ ਦੀ ਪਾਰਟੀ ਦੇ ਇਕ ਵਿਧਾਇਕ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਵਿਰੋਧੀ ਧਿਰ ਦੀ ਪਾਰਟੀ ਨੇ ਇਸ ਰਾਸ਼ੀ ਨੂੰ ਵਧਾ ਕੇ 100 ਕਰੋੜ ਰੁਪਏ ਕਰ ਦਿੱਤਾ ਹੈ।
ਮਾਂਡਿਆ ਤੋਂ ਕਾਂਗਰਸ ਵਿਧਾਇਕ ਰਵੀ ਕੁਮਾਰ ਗੌੜਾ (ਰਵੀ ਗਨੀਗਾ) ਨੇ ਦਾਅਵਾ ਕੀਤਾ ਕਿ ਭਾਜਪਾ ਨੇ ਕਿੱਤੂਰ ਦੇ ਵਿਧਾਇਕ ਬਾਬਾ ਸਾਹਿਬ ਡੀ. ਪਾਟਿਲ ਅਤੇ ਚਿਕਮੈਂਗਲੁਰੂ ਦੇ ਵਿਧਾਇਕ ਐੱਚ. ਡੀ. ਥਮਈਆ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਹ ਸਾਬਤ ਕਰਨ ਲਈ ਦਸਤਾਵੇਜ਼ ਅਤੇ ਸਬੂਤ ਹਨ ਕਿ ਭਾਜਪਾ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਪਾਟਿਲ ਅਤੇ ਥਮਈਆ ਦੋਵਾਂ ਨੇ ਸਪੱਸ਼ਟ ਕੀਤਾ ਹੈ ਕਿ ਭਾਜਪਾ ਜਾਂ ਕਿਸੇ ਹੋਰ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਜਾਂ ਉਨ੍ਹਾਂ ਨੂੰ ਪੇਸੇ ਜਾਂ ਹੋਰ ਕਿਸੇ ਚੀਜ਼ ਦੀ ਪੇਸ਼ਕਸ਼ ਨਹੀਂ ਕੀਤੀ। ਭਾਜਪਾ ਨੇ ਕਾਂਗਰਸ ਅਤੇ ਉਸ ਦੇ ਵਿਧਾਇਕ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਦਸਤਾਵੇਜ਼ ਜਾਰੀ ਕਰਨ ਅਤੇ ਜਾਂਚ ਕਰਵਾਉਣ।