ਕਾਂਗਰਸ ਤੇ ਬੀ. ਆਰ. ਐੱਸ. ਨੇ ਤੇਲੰਗਾਨਾ ਦੇ ਸੁਪਨਿਆਂ ਨੂੰ ਕੀਤਾ ਚਕਨਾਚੂਰ : ਮੋਦੀ
Saturday, Mar 16, 2024 - 07:48 PM (IST)
ਹੈਦਰਾਬਾਦ, (ਭਾਸ਼ਾ)- ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਦੀ ਨੇਤਰੀ ਕੇ. ਕਵਿਤਾ ਦੀ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਦੋਸ਼ ਲਾਇਆ ਕਿ ਬੀ. ਆਰ. ਐੱਸ. ਨੇ ਕੱਟੜ ਭ੍ਰਿਸ਼ਟ ਪਾਰਟੀਆਂ ਨਾਲ ਭਾਈਵਾਲੀ' ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਭ੍ਰਿਸ਼ਟ ਵਿਅਕਤੀ ਬੱਚ ਨਹੀਂ ਸਕੇਗਾ।
ਹੈਦਰਾਬਾਦ ਤੋਂ ਕਰੀਬ 135 ਕਿਲੋਮੀਟਰ ਦੂਰ ਨਗਰਕੁਰਨੂਲ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਾਂਗਰਸ ਤੇ ਬੀ. ਆਰ. ਐਸ. ’ਤੇ ਨਿਸ਼ਾਨਾ ਵਿੰਨ੍ਹਦਿਆਂ ਦੋਸ਼ ਲਾਇਆ ਕਿ ਦੋਵਾਂ ਨੇ ਮਿਲ ਕੇ ਤੇਲੰਗਾਨਾ ਦੇ ਵਿਕਾਸ ਦਾ ਹਰ ਸੁਪਨਾ ਚਕਨਾਚੂਰ ਕਰ ਦਿੱਤਾ ਹੈ। ਬੀ. ਆਰ. ਐੱਸ. ਤੇਲੰਗਾਨਾ ਤੋਂ ਬਾਹਰ ਚਲੀ ਗਈ ਤੇ ਕਈ ਹੋਰ ਕੱਟੜ ਭ੍ਰਿਸ਼ਟ ਪਾਰਟੀਆਂ ਨਾਲ ਭਾਈਵਾਲੀ ਕੀਤੀ। ਇਹ ਸੱਚ ਹਰ ਰੋਜ਼ ਸਾਹਮਣੇ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਮੈਂ ਤੇਲੰਗਾਨਾ ਦੇ ਲੋਕਾਂ ਨਾਲ ਵਾਅਦਾ ਕਰ ਰਿਹਾ ਹਾਂ ਕਿ ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮੈਨੂੰ ਭ੍ਰਿਸ਼ਟਾਚਾਰ ਵਿਰੁੱਧ ਲੜਾਈ ’ਚ ਤੇਲੰਗਾਨਾ ਦੇ ਸਹਿਯੋਗ ਦੀ ਲੋੜ ਹੈ।
ਪ੍ਰਧਾਨ ਮੰਤਰੀ ਨੇ ਕਾਂਗਰਸ ਤੇ ਬੀ. ਆਰ. ਐੱਸ. ਦੇ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਦੋਸ਼ ਲਾਇਆ ਕਿ ਪਰਿਵਾਰਵਾਦੀ ਪਾਰਟੀਆਂ ’ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕਾਂਗਰਸ ਤੇ ਬੀ. ਆਰ. ਐੱਸ. ਦੋਵੇਂ ਭ੍ਰਿਸ਼ਟਾਚਾਰ ਦੇ ਭਾਈਵਾਲ ਹਨ। ਕਾਂਗਰਸ ਨੇ 2ਜੀ ਘਪਲਾ ਕੀਤਾ ਜਦਕਿ ਬੀ. ਆਰ. ਐੱਸ. ਨੇ ਸਿੰਚਾਈ ’ਚ ਘਪਲਾ ਕੀਤਾ।
‘ਮੈਂ ਮੋਦੀ ਕਾ ਪਰਿਵਾਰ ਹੂੰ’ ਵੀਡੀਓ ਜਾਰੀ ਕੀਤਾ ਪ੍ਰਧਾਨ ਮੰਤਰੀ ਨੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਲੋਕ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ‘ਮੈਂ ਮੋਦੀ ਕਾ ਪਰਿਵਾਰ ਹੂੰ’ ਸਿਰਲੇਖ ਵਾਲਾ ਇੱਕ ਵੀਡੀਓ ਜਾਰੀ ਕੀਤਾ।
ਸੰਗੀਤਮਈ ਵੀਡੀਓ ਕਿਸਾਨਾਂ ਤੋਂ ਗਰੀਬ ਪਰਿਵਾਰਾਂ ਤੱਕ ਦੇ ਲੋਕਾਂ ਨੂੰ ਵੱਖ-ਵੱਖ ਭਲਾਈ ਸਕੀਮਾਂ ਰਾਹੀਂ ਮਿਲੇ ਲਾਭਾਂ ਨੂੰ ਉਜਾਗਰ ਕਰਦਾ ਹੈ। ਇਸ ’ਚ ਲੋਕ ਪ੍ਰਧਾਨ ਮੰਤਰੀ ਨੂੰ ਸਮਰਥਨ ਦੇਣ ਦਾ ਵਾਅਦਾ ਕਰਦੇ ਹੋਏ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਉਹ ਮੋਦੀ ਦਾ ਪਰਿਵਾਰ ਹਨ।