ਜੰਮੂ-ਕਸ਼ਮੀਰ: ਸੁਰੱਖਿਆ ਫੋਰਸ ਨੇ ਰਾਹੁਲ ਭੱਟ ਤੇ ਅੰਬਰੀਨ ਦੇ ਕਾਤਲ ਲਸ਼ਕਰ ਅੱਤਵਾਦੀ ਲਤੀਫ ਨੂੰ ਕੀਤਾ ਢੇਰ

08/11/2022 11:54:29 AM

ਸ੍ਰੀਨਗਰ/ਜੰਮੂ,(ਉਦੇ)– ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲੇ ’ਚ ਬੁੱਧਵਾਰ ਹੋਏ ਮੁਕਾਬਲੇ ਦੌਰਾਨ ਸੁਰੱਖਿਆ ਫੋਰਸਾਂ ਨੇ ਬੁੱਧਵਾਰ ਨੂੰ ਲਸ਼ਕਰ-ਏ-ਤੋਇਬਾ ਦੇ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

ਏ. ਡੀ. ਜੀ. ਪੀ. ਕਸ਼ਮੀਰ ਵਿਜੇ ਕੁਮਾਰ ਨੇ ਟਵੀਟ ਕਰ ਕੇ ਦੱਸਿਆ ਕਿ ਬਡਗਾਮ ’ਚ ਸਵੇਰੇ ਸ਼ੁਰੂ ਹੋਏ ਮੁਕਾਬਲੇ ’ਚ ਲਤੀਫ ਰਾਥਰ ਸਮੇਤ ਲਸ਼ਕਰ-ਏ-ਤੋਇਬਾ ਨਾਲ ਜੁੜੇ ਸਮੂਹ ‘ਦਿ ਰੇਸਿਸਟੈਂਸ ਫਰੰਟ’ ਦੇ ਤਿੰਨ ਅੱਤਵਾਦੀ ਘਿਰ ਗਏ। ਲਤੀਫ ਕਸ਼ਮੀਰੀ ਪੰਡਿਤ ਰਾਹੁਲ ਭੱਟ ਅਤੇ ਮਹਿਲਾ ਕਲਾਕਾਰ ਅਮਰੀਨ ਭੱਟ ਸਮੇਤ ਕਈ ਨਾਗਰਿਕਾਂ ਦੀ ਹੱਤਿਆ ਲਈ ਜ਼ਿੰਮੇਵਾਰ ਸੀ। ਮੁਕਾਬਲਾ ਤੜਕੇ ਬਡਗਾਮ ਦੇ ਵਾਟਰਹੋਲ ਇਲਾਕੇ ਵਿੱਚ ਘੇਰਾਬੰਦੀ ਅਤੇ ਤਲਾਸ਼ੀਆਂ ਦੀ ਮੁਹਿੰਮ ਦੌਰਾਨ ਸ਼ੁਰੂ ਹੋਇਆ। ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਆਧਾਰ ’ਤੇ ਸੁਰੱਖਿਆ ਫੋਰਸਾਂ ਨੇ ਸਾਂਝੀ ਮੁਹਿੰਮ ਚਲਾਈ। ਜਵਾਨ ਜਿਵੇਂ ਹੀ ਅੱਤਵਾਦੀਆਂ ਦੇ ਲੁਕਣ ਵਾਲੇ ਟਿਕਾਣੇ ਵੱਲ ਵਧੇ ਤਾਂ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ’ਚ ਲਤੀਫ ਰਾਥਰ ਨਾਲ 2 ਹੋਰ ਅੱਤਵਾਦੀ ਮਾਰੇ ਗਏ। ਲਤੀਫ ਤੋਂ ਇਲਾਵਾ ਦੂਜੇ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ। ਮੁਕਾਬਲੇ ਵਾਲੇ ਸਥਾਨ ਤੋਂ ਵੱਡੀ ਮਾਤਰਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ।

ਦੱਸ ਦਈਏ ਕਿ ਰਾਹੁਲ ਭੱਟ ਦੀ ਬੜਗਾਮ ਜ਼ਿਲੇ ਦੇ ਚਢੂਰਾ ਤਹਿਸੀਲ ਦਫਤਰ ’ਚ 13 ਮਈ ਨੂੰ 2 ਅੱਤਵਾਦੀਆਂ ਨੇ ਗੋਲੀ ਮਾਰ ਹੱਤਿਆ ਕਰ ਦਿੱਤੀ ਸੀ। ਅੱਤਵਾਦੀਆਂ ਨੇ ਬੜਗਾਮ ਜ਼ਿਲੇ ’ਚ ਇਕ ਹੋਰ ਟਾਰਗੈੱਟ ਕਿਲਿੰਗ ਨੂੰ ਅੰਜਾਮ ਦਿੰਦਿਆਂ 25 ਮਈ ਨੂੰ ਟੀ. ਵੀ. ਕਲਾਕਾਰ ਅੰਬਰੀਨ ਭੱਟ ਦੀ ਵੀ ਹੱਤਿਆ ਕਰ ਦਿੱਤੀ ਸੀ, ਜਿਸ ’ਚ ਉਸ ਦੀ 10 ਸਾਲਾ ਭਤੀਜੀ ਵੀ ਜ਼ਖਮੀ ਹੋ ਗਈ ਸੀ।


Rakesh

Content Editor

Related News