ਕੇਰਲ : ਫਲਾਈਟ 'ਚ ਕੋਰੋਨਾ ਪਾਜੀਟਿਵ ਮਰੀਜ਼, 289 ਯਾਤਰੀਆਂ ਨੂੰ ਉਤਾਰਿਆ

03/15/2020 4:28:18 PM

ਚੇਨਈ— ਦੁਨੀਆ ਭਰ ਦੇ ਕਈ ਹਿੱਸਿਆਂ 'ਚ ਫੈਲੇ ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਲੋਕ ਬੇਹੱਦ ਸਾਵਧਾਨੀ ਵਰਤ ਰਹੇ ਹਨ। ਇਸ ਦਰਮਿਆਨ ਖ਼ਬਰ ਸਾਹਮਣੇ ਆਈ ਹੈ ਕਿ ਦੁਬਈ ਜਾਣ ਵਾਲੀ ਇਕ ਫਲਾਈਟ ਤੋਂ ਕਰੀਬ 289 ਲੋਕਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਹੀ ਉਤਾਰ ਦਿੱਤਾ ਗਿਆ। ਦਰਅਸਲ ਫਲਾਈਟ ਵਿਚ ਸਵਾਰ ਯਾਤਰੀਆਂ ਵਿਚਾਲੇ ਇਕ ਬ੍ਰਿਟਿਸ਼ ਨਾਗਰਿਕ ਕੋਰੋਨਾ ਵਾਇਰਸ ਦਾ ਪਾਜੀਟਿਵ ਪਾਇਆ ਗਿਆ ਸੀ। ਐਤਵਾਰ ਭਾਵ ਅੱਜ ਕੇਰਲ ਦੇ ਕੋਚੀ ਕੌਮਾਂਤਰੀ ਹਵਾਈ ਅੱਡੇ ਤੋਂ ਫਲਾਈਟ ਨੇ ਉਡਾਣ ਭਰਨੀ ਸੀ। ਕੋਚੀ ਕੌਮਾਂਤਰੀ ਹਵਾਈ ਅੱਡਾ ਲਿਮਟਿਡ ਦੇ ਬੁਲਾਰੇ ਨੇ ਦੱਸਿਆ ਕਿ ਇਹ ਯਾਤਰੀ 19 ਲੋਕਾਂ ਦੇ ਉਸ ਸਮੂਹ ਦਾ ਹਿੱਸਾ ਹੈ, ਜੋ ਕਿ ਕੇਰਲ ਦੇ ਸ਼ਹਿਰ ਮੁੰਨਾਰ 'ਚ ਛੁੱਟੀਆਂ ਮਨਾ ਰਿਹਾ ਸੀ ਅਤੇ ਨਿਗਰਾਨੀ 'ਚ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਮੁੰਨਾਰ 'ਚ ਅਧਿਕਾਰੀਆਂ ਨੂੰ ਸੂਚਿਤ ਕੀਤੇ ਬਿਨਾਂ ਸਮੂਹ ਦੇ ਹੋਰ ਮੈਂਬਰਾਂ ਨਾਲ ਕੋਚੀ ਹਵਾਈ ਅੱਡੇ ਪੁੱਜਾ। ਜਹਾਜ਼ ਉਡਾਣ ਭਰਨ ਵਾਲਾ ਸੀ ਕਿ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਕ ਨਾਗਰਿਕ ਅਮੀਰਾਤ ਫਲਾਈਟ 'ਚ ਯਾਤਰਾ ਕਰ ਰਿਹਾ ਹੈ। 

ਪਹਿਲਾਂ ਤਾਂ ਉਸ ਦੇ ਸਮੂਹ ਦੇ 19 ਯਾਤਰੀਆਂ ਨੂੰ ਉਤਾਰਨ ਦਾ ਫੈਸਲਾ ਲਿਆ ਗਿਆ। ਬੁਲਾਰੇ ਨੇ ਕਿਹਾ ਕਿ ਬਾਅਦ 'ਚ ਬਾਕੀ ਦੇ 270 ਯਾਤਰੀਆਂ ਨੂੰ ਵੀ ਉਤਾਰਨ ਅਤੇ ਉਨ੍ਹਾਂ ਨੂੰ ਜਾਂਚ ਲਈ ਹਸਪਤਾਲ ਭੇਜਣ ਦਾ ਫੈਸਲਾ ਲਿਆ ਗਿਆ। ਇੱਥੇ ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ 105 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਭਾਰਤ 'ਚ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੈਸਕਿਊ ਆਪਰੇਸ਼ਨ ਦੇ ਮਾਮਲੇ ਵਿਚ ਭਾਰਤ ਟੌਪ 'ਤੇ ਹੈ। ਸਮੇਂ ਰਹਿੰਦੇ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਵਜ੍ਹਾ ਕਰ ਕੇ ਇੱਥੇ ਇਨਫੈਕਸ਼ਨ ਕਾਫੀ ਘੱਟ ਹੈ। ਈਰਾਨ ਤੋਂ 234 ਅਤੇ ਇਟਲੀ ਤੋਂ 218 ਭਾਰਤੀਆਂ ਨੂੰ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਵਾਪਸ ਦੇਸ਼ ਲਿਆਂਦਾ ਗਿਆ ਹੈ। ਦੁਨੀਆ ਭਰ 'ਚ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 5700 ਤੋਂ ਵਧੇਰੇ ਹੈ ਅਤੇ 1.50 ਲੱਖ ਲੋਕ ਵਾਇਰਸ ਦੀ ਲਪੇਟ 'ਚ ਹਨ।


Tanu

Content Editor

Related News