CM ਸੁੱਖੂ ਬੋਲੇ- ਵਿਦੇਸ਼ੀ ਸਾਡੇ ਮਹਿਮਾਨ, ਖਾਲਿਸਤਾਨੀ ਨਾਅਰਿਆਂ ਨਾਲ ਕੋਈ ਫਰਕ ਨਹੀਂ ਪੈਂਦਾ
Thursday, Oct 05, 2023 - 02:54 PM (IST)
ਸ਼ਿਮਲਾ- ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਹੈ ਕਿ ਧਰਮਸ਼ਾਲਾ 'ਚ ਕ੍ਰਿਕਟ ਵਿਸ਼ਵ ਕੱਪ ਮੈਚ ਤੋਂ ਪਹਿਲਾਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਆਏ ਮਹਿਮਾਨ ਸਾਡੇ ਮਹਿਮਾਨ ਹਨ। ਹਿਮਾਚਲ ਪ੍ਰਦੇਸ਼ ਕਿਸੇ ਵੀ ਤਰ੍ਹਾਂ ਅਥਿਤੀ ਦੇਵੋ ਭਵ: ਸੱਭਿਆਚਾਰ ਲਈ ਜਾਣਿਆ ਜਾਂਦਾ ਹੈ। ਅਜਿਹੇ 'ਚ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਅੱਜ ਦੇਰ ਸ਼ਾਮ ਇੱਥੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰ ਰਹੇ ਸਨ।
ਹਿਮਾਚਲ ਪੁਲਸ ਸੁਰੱਖਿਆ ਦੇਣ ਲਈ ਪੂਰੀ ਤਰ੍ਹਾਂ ਸਮਰੱਥ-
ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਪੁਲਸ ਵਿਦੇਸ਼ੀ ਮਹਿਮਾਨਾਂ ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਕੋਸ਼ਿਸ਼ ਧਰਮਸ਼ਾਲਾ ਦੇ ਤਪੋਵਨ ਸਥਿਤ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਵੀ ਕੀਤੀ ਗਈ ਸੀ। ਇਸ ਨਾਲ ਉਹ ਲੋਕਾਂ ਦਾ ਧਿਆਨ ਇਸ ਪਾਸੇ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਬਾਵਜੂਦ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰੇਗੀ ਕਿ ਇਸ ਪਿੱਛੇ ਕਿਹੜੇ ਸ਼ਰਾਰਤੀ ਅਨਸਰਾਂ ਦਾ ਹੱਥ ਹੈ। ਜਿੱਥੋਂ ਤੱਕ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਤੋਂ ਧਮਕੀਆਂ ਦਾ ਸਵਾਲ ਹੈ, ਇਹ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। ਹਿਮਾਚਲ ਪ੍ਰਦੇਸ਼ ਭਾਰਤ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਮਹਿਮਾਨਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸੂਬਾ ਸਰਕਾਰ ਦੇਵਭੂਮੀ ਪਹੁੰਚਣ 'ਤੇ ਹਰੇਕ ਮਹਿਮਾਨ ਦਾ ਸਵਾਗਤ ਕਰਦੀ ਹੈ।
ਦੇਸ਼ ਵਿਰੋਧੀ ਨਾਅਰੇ ਲਿਖਣ ਦੇ ਮਾਮਲੇ 'ਚ ਬਣਾਈ SIT
ਧਰਮਸ਼ਾਲਾ 'ਚ ਦੇਸ਼ ਵਿਰੋਧੀ ਨਾਅਰੇ ਲਿਖਣ ਦੇ ਮਾਮਲੇ 'ਚ ਪੁਲਸ ਨੇ ਦੇਰ ਸ਼ਾਮ ਨੂੰ SIT ਦਾ ਗਠਨ ਕਰ ਦਿੱਤਾ ਹੈ। DSP ਆਰ. ਪੀ. ਜਸਵਾਲ ਦੀ ਪ੍ਰਧਾਨਗੀ ਹੇਠ SIT ਕੰਮ ਕਰੇਗੀ। ਇਸ SIT 'ਚ ਧਰਮਸ਼ਾਲਾ ਥਾਣੇ ਦੇ SHO ਸਮੇਤ 6 ਹੋਰ ਪੁਲਸ ਮੁਲਾਜ਼ਮ ਹੋਣਗੇ।