ਰੈੱਡੀ ਨੇ ਸੋਨੇ ਦੀ ਪਰਤ ਚੜ੍ਹਿਆ ‘ਵਿਮਾਨ ਗੋਪੁਰਮ’ ਲਕਸ਼ਮੀ ਨਰਸਿਮ੍ਹਾ ਸਵਾਮੀ ਨੂੰ ਕੀਤਾ ਸਮਰਪਿਤ
Sunday, Feb 23, 2025 - 09:39 PM (IST)

ਹੈਦਰਾਬਾਦ, (ਯੂ. ਐੱਨ. ਆਈ.)- ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਐਤਵਾਰ ਨੂੰ ਯਦਾਦਰੀ ਭੁਵਨਗਿਰੀ ਜ਼ਿਲੇ ਦੇ ਯਦਾਗਿਰੀਗੁੱਟਾ ’ਚ ਸ਼੍ਰੀ ਲਕਸ਼ਮੀ ਨਰਸਿਮ੍ਹਾ ਸਵਾਮੀ ਨੂੰ ਸੋਨੇ ਦੀ ਪਰਤ ਚੜ੍ਹਿਆ ‘ਵਿਮਾਨ ਗੋਪੁਰਮ’ ਸਮਰਪਿਤ ਕੀਤਾ। ਇਸ ਮੌਕੇ ਕਰਵਾਏ ਸਮਾਗਮ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੀ ਪਤਨੀ ਗੀਤਾ ਨਾਲ ਮੂਲ ਨਛੱਤਰ ਬ੍ਰਿਖ ਲਗਨ ਦੇ ਪੁਸ਼ਕਰਮਾਸ ਦੇ ਸ਼ੁੱਭ ਮਹੂਰਤ ਦੌਰਾਨ ਲੱਗਭਗ 11.54 ਵਜੇ ‘ਮਹਾਕੁੰਭਭਿਸ਼ੇਕ ਸੰਪ੍ਰੋਕਸ਼ਣ ਮਹਾਉਤਸਵ’ ’ਚ ਭਾਗ ਲਿਆ।
ਇਹ ਪ੍ਰੋਗਰਾਮ ਵਨਮਲਾਈ ਮੱਠ ਦੇ 31ਵੇਂ ਪੀਠਾਧੀਪਤੀ ਰਾਮਾਨੁਜ ਜੀਯਰ ਸਵਾਮੀ ਦੀ ਦੇਖ-ਰੇਖ ’ਚ ਆਯੋਜਿਤ ਕੀਤਾ ਗਿਆ। ਬਾਅਦ ’ਚ ਮੁੱਖ ਮੰਤਰੀ ਨੇ ਆਪਣੀ ਪਤਨੀ ਗੀਤਾ ਦੇ ਨਾਲ ਸ਼੍ਰੀ ਲਕਸ਼ਮੀ ਨਰਸਿਮ੍ਹਾ ਸਵਾਮੀ ਦੀ ਪੂਜਾ-ਅਰਚਨਾ ਕੀਤੀ।
ਇਸ ਢਾਂਚੇ ਨੇ ਦੇਸ਼ ’ਚ ਸਭ ਤੋਂ ਉੱਚੇ ਸੋਨੇ ਦੇ ਗੋਪੁਰਮ ਵਜੋਂ ਰਿਕਾਰਡ ਬਣਾਇਆ ਹੈ, ਜੋ 10,759 ਵਰਗ ਫੁੱਟ ਦੇ ਖੇਤਰ ਦੇ ਨਾਲ-ਨਾਲ 50.5 ਫੁੱਟ ਉੱਚਾ ਹੈ। ਸੋਨੇ ਦੀ ਪਰਤ ਚੜ੍ਹਾਉਣ ਲਈ ਕੁੱਲ 68 ਕਿੱਲੋਗ੍ਰਾਮ ਸੋਨੇ ਦੀ ਵਰਤੋਂ ਕੀਤੀ ਗਈ। ਪਰਤ ਚੜ੍ਹਾਉਣ ’ਤੇ ਲੱਗਭਗ 80 ਕਰੋਡ਼ ਰੁਪਏ ਖਰਚ ਹੋਏ। ਇਸ ਮੌਕੇ ਕਈ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਮੱਠਾਧੀਪਤੀ ਸ਼ਾਮਲ ਸਨ।